ਕਿਸਾਨ ਯੂਨੀਅਨ ਪੁਆਧ ਨੇ ਝੋਨੇ ਦੇ ਰੇਟ 'ਚ 72 ਰੁਪਏ ਵਾਧੇ ਨੂੰ ਦੱਸਿਆ ਨਾਕਾਫੀ
ਅਜੀਤ ਡੈਸਕ
16-05-2026
ਘਨੌਰ, 15 ਮਈ (ਸਰਦਾਰਾ ਸਿੰਘ ਲਾਛੜੂ)-ਕਿਸਾਨ ਯੂਨੀਅਨ ਪੁਆਧ ਦੀ ਅਹਿਮ ਮੀਟਿੰਗ ਅੱਜ ਚਰਨਜੀਤ ਸਿੰਘ ਝੁੰਗੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਝੋਨੇ ਦੇ ਸੀਜ਼ਨ ਲਈ ਕੀਤੇ ਗਏ 72 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਯੂਨੀਅਨ ਵੱਲੋਂ ਨਾਕਾਫੀ ਕਰਾਰ ਦਿੱਤਾ ਗਿਆ | ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ 'ਚ ਬਾਜ਼ਾਰ ਦੀ ਹਰ ਚੀਜ਼ ਦੇ ਰੇਟ ਦੁੱਗਣੇ ਕਰ ਦਿੱਤੇ ਹਨ | ਸਿਲੰਡਰ 'ਚ ਹੀ 60 ਰੁਪਏ ਦਾ ਵਾਧਾ ਕਰ ਦਿੱਤਾ ਗਿਆ | ਸਰਕਾਰ ਦੂਜੇ ਦੇਸ਼ਾਂ ਦੀਆਂ ਲੜਾਈਆਂ ਦਾ ਬਹਾਨਾ ਲਾ ਕੇ ਹਰ ਚੀਜ਼ ਮਹਿੰਗੀ ਕਰ ਰਹੀ ਹੈ, ਪਰ ਫਸਲਾਂ ਦੇ ਭਾਅ 'ਚ ਸਿਰਫ 3 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਇਹ ਕਿਸਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ | ਕਿਸਾਨ ਯੂਨੀਅਨ ਪੁਆਧ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਦੀ ਮਹਿੰਗਾਈ ਨੂੰ ਮੱਦੇਨਜ਼ਰ ਰੱਖਦਿਆਂ ਝੋਨੇ ਦੇ ਰੇਟ 'ਚ ਹੋਰ ਵਾਧਾ ਕੀਤਾ ਜਾਵੇ ਜਾਂ ਝੋਨੇ 'ਤੇ ਘੱਟੋ-ਘੱਟ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ | ਆਗੂਆਂ ਨੇ ਕਿਹਾ ਕਿ ਖੇਤੀ ਲਾਗਤਾਂ ਕਈ ਗੁਣਾ ਵਧ ਗਈਆਂ ਹਨ, ਪਰ ਫਸਲਾਂ ਦੇ ਭਾਅ ਉਸ ਹਿਸਾਬ ਨਾਲ ਨਹੀਂ ਵਧ ਰਹੇ | ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ, ਜਗਤਾਰ ਸਿੰਘ ਆਲਮਦੀਨਪੁਰ, ਹਰਵਿੰਦਰ ਸਿੰਘ ਉਕਸ਼ੀ, ਗੁਰਮੀਤ ਸਿੰਘ, ਗੁਰਜੀਤ ਸਿੰਘ ਸਰਾਲਾ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ |