ਪਾਤੜਾਂ, 21 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਕਲਵਾਣੂੰ ਦੇ ਇਕ ਵਿਅਕਤੀ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਘੱਗਾ ਵਿਖੇ ਪੁਲਿਸ ਨੇ 2 ਔਰਤਾਂ ਸਮੇਤ 10 ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਮਨਪ੍ਰੀਤ ਸਿੰਘ ਪੁੱਤਰ ਸੋਮਨਾਥ ਵਾਸੀ ਪਿੰਡ ਕਲਵਾਨੂੰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਮੈ ਗੁਰਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦਾ ਖਰਚਾ 45 ਲੱਖ ਰੁਪਏ ਕੀਤਾ ਸੀ ਅਤੇ ਗੁਰਪ੍ਰੀਤ ਕੌਰ ਵਲੋਂ ਮੈਨੂੰ ਵਿਦੇਸ਼ ਜਾ ਕੇ ਪੀ.ਆਰ. ਦਿਵਾਉਣੀ ਸੀ ਪਰ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਅਤੇ ਦੋਵਾਂ ਧਿਰਾਂ ਦਾ ਆਪਸੀ ਫ਼ੈਸਲਾ ਹੋਣ ਮਗਰੋਂ 20 ਲੱਖ ਰੁਪਏ ਵਾਪਸ ਕਰ ਦਿੱਤੇ ਗਏ ਤੇ ਦੋਵਾਂ ਦਾ ਤਲਾਕ ਵੀ ਹੋ ਗਿਆ ਸੀ | ਜਿਸ ਤੋਂ ਬਾਅਦ ਵਿਰੋਧੀ ਧਿਰ ਵਲੋਂ ਬਲੈਕਮੇਲ ਕਰਨ ਦੀ ਨੀਅਤ ਨਾਲ ਮੇਰੇ ਤੋਂ 20 ਲੱਖ ਰੁਪਏ ਦੀ ਵਾਪਸ ਮੰਗ ਕਰਕੇ ਮੇਰੀ ਦੁਕਾਨ ਪਰ ਕਬਜਾ ਕਰਨ ਲਈ ਜਿੰਦਰਾ ਲਾ ਦਿੱਤਾ ਅਤੇ ਪਿੰਡ 'ਚ ਬੇਈਮਾਨ ਆਦਿ ਅਲਾਊਸਮੈਂਟ ਕਰਕੇ ਮੇਰੀ ਬਦਨਾਮੀ ਕਰਕੇ ਮੇਰੇ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ | ਥਾਣਾ ਘੱਗਾ ਦੇ ਮੁਖੀ ਜੈਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪੜਤਾਲ ਕਰਕੇ ਭੇਜੀ ਗਈ ਦਰਖਾਸਤ 'ਚ ਦਿੱਤੇ ਗਏ ਹੁਕਮਾਂ 'ਤੇ ਗੁਰਪ੍ਰੀਤ ਕੌਰ, ਰੂਪ ਸਿੰਘ, ਸ਼ਿੰਦਰਪਾਲ ਕੌਰ, ਹਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ, ਜੱਸੀ ਵਾਸੀਆਨ ਪਿੰਡ ਦੇਧਨਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਦੂਜੀ ਧਿਰ ਦਾ ਕਹਿਣਾ ਹੈ ਕਿ ਸਾਡੇ ਵਲੋਂ ਗੁਰਪ੍ਰੀਤ ਕੌਰ ਦੇ ਹੱਕ 'ਚ ਸੰਘਰਸ਼ ਕੀਤਾ ਗਿਆ ਸੀ ਜਿਸ ਕਰਕੇ ਸਾਡੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਅੱਗੇ ਵੀ ਸੰਘਰਸ਼ ਜਾਰੀ ਰੱਖਿਆ ਜਾਵੇਗਾ |