ਸਮਾਣਾ, 21 ਮਈ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸ਼ਹਿਰ 'ਚ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਨਗਰ ਕੌਂਸਲ 'ਚ ਪ੍ਰਧਾਨਗੀ ਦੇ ਦਾਅਵੇਦਾਰ ਕਪੂਰ ਚੰਦ ਬਾਂਸਲ ਵਲੋਂ ਆਪਣੇ ਵਾਰਡ 'ਚ ਵੋਟਰਾਂ ਨਾਲ ਸੰਪਰਕ ਸਾਧਦਿਆਂ ਘਰੋਂ ਘਰੀਂ ਦੌਰਾ ਕੀਤਾ ਗਿਆ | ਇਸ ਦੇ ਨਾਲ ਹੀ ਉਨਾਂ ਸ਼ਾਮ ਵੇਲੇ ਵੋਟਰਾਂ ਨਾਲ ਨੁੱਕੜ ਬੈਠਕਾਂ ਕੀਤੀਆਂ | 'ਆਪ' ਦੇ ਸੀਨੀਅਰ ਆਗੂ ਸੂਬੇ ਦੀ ਸਿਆਸਤ 'ਚ ਨਵਾਂ ਮੋੜ ਲਿਆਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਕਪੂਰ ਚੰਦ ਬਾਂਸਲ ਦੇ ਹੱਕ 'ਚ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਗਿਆ | ਜਿਨਾਂ ਦਾ ਵਾਰਡ ਦੇ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਮੌਕੇ ਰੱਖੜਾ ਤੇ ਬਾਂਸਲ ਨੇ ਵੋਟਰਾਂ ਨੂੰ ਆਖਿਆ ਕਿ ਵਿਰੋਧੀ ਪਾਰਟੀਆਂ ਆਪਣੀ ਹਾਰ ਨੂੰ ਦੇਖਦਿਆਂ ਬੌਖਲਾਹਟ 'ਚ ਆ ਕੇ ਝੂਠਾ ਪ੍ਰਚਾਰ ਕਰ ਰਹੀਆਂ ਹਨ ਕਿ 'ਆਪ' ਸਮੂਹ ਵਾਰਡਾਂ 'ਚ ਧੱਕੇਸ਼ਾਹੀ ਕਰੇਗੀ | ਜਦੋਂ ਕਿ ਉਨਾਂ ਦੀ ਧੱਕੇਸ਼ਾਹੀ ਕਰਨ ਦੀ ਫ਼ਿਤਰਤ ਨਹੀਂ ਤੇ ਉਨਾਂ ਲੋਕਾਂ ਨੂੰ ਹਾਰ ਦਾ ਡਰ ਸਤਾ ਰਿਹਾ ਹੈ | ਉਨਾਂ ਆਖਿਆ ਕਿ 'ਆਪ' ਦੀ ਕੌਂਸਲ ਚੋਣਾਂ 'ਚ ਹੋਣ ਵਾਲੀ ਜਿੱਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਿੱਤ ਦਾ ਮੁੱਢ ਬੰਨ੍ਹੇਗੀ ਤੇ ਉਨਾਂ ਦਾ ਮੁੱਖ ਮਕਸਦ ਸਾਫ਼ ਸੁਥਰੇ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਜਿੱਤਣਾ ਹੈ | ਸ. ਰੱਖੜਾ ਨੇ ਕਪੂਰ ਚੰਦ ਬਾਂਸਲ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਤੁਸੀਂ ਬਾਂਸਲ ਨੂੰ ਜਿਤਾਓ ਤਾਂ ਜੋ ਵਾਰਡ ਤੇ ਸ਼ਹਿਰ ਦੇ ਲੋਕਾਂ ਦੀ ਸੇਵਾ 'ਚ ਕੋਈ ਕਮੀ ਨਾ ਰਹਿ ਸਕੇ | ਜਦੋਂ ਕਿ ਕਪੂਰ ਚੰਦ ਬਾਂਸਲ ਪਹਿਲਾਂ ਤੋਂ ਹੀ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ |