ਰਾਜਪੁਰਾ, 23 ਮਈ (ਜੀ.ਪੀ. ਸਿੰਘ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਹੁਣ ਰਾਜਪੁਰਾ 'ਚ ਚੋਣ ਪ੍ਰਚਾਰ ਸਿਖ਼ਰਾਂ ਤੇ ਪੁੱਜ ਗਿਆ ਹੈ ਤੇ ਹੁਣ ਜਿੱਥੇ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਹਨ ਉੱਥੇ ਹੁਣ ਆਗੂਆਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਅਖ਼ਾੜੇ 'ਚ ਉਤਰ ਆਏ | ਇਸੇ ਤਹਿਤ ਲੰਘੀ ਦੇਰ ਸ਼ਾਮ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਦੀ ਪਤਨੀ ਬੀਬਾ ਗੁਰਮੀਤ ਕੌਰ ਨੇ ਵਾਰਡ ਨੰਬਰ 28 'ਚ ਕਾਂਗਰਸ ਦੇ ਉਮੀਦਵਾਰ ਅਮਿਤ ਕੁਮਾਰ ਟਿੰਕੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ | ਉਹਨਾਂ ਇਸ ਮੋਕੇ ਆਪਣੇ ਸੰਬੋਧਨ 'ਚ ਕਿਹਾ ਕਿ ਕਾਂਗਰਸ ਰਾਜ ਸਮੇਂ ਰਾਜਪੁਰਾ ਦੀ ਨਗਰ ਕੋੋਂਸਲ ਉੱਤਰੀ ਭਾਰਤ ਦੇ ਸ਼ਹਿਰਾਂ 'ਚ ਪਹਿਲੇ ਨੰਬਰ ਤੇ ਆਈ ਸੀ ਤੇ ਉਸਨੂੰ ਭਾਰਤ ਦੇ ਰਾਸ਼ਟਰਪਤੀ ਨੇ ਪੁਰਸਕਾਰ ਦਿੱਤਾ ਸੀ | ਹੁਣ ਲੰਘੇ ਚਾਰ ਸਾਲਾਂ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਰਾਜਪੁਰਾ ਦੀ ਨਗਰ ਕੌਂਸਲ ਦਾ ਬੁਰਾ ਹਾਲ ਹੋ ਗਿਆ ਹੈ ਤੇ ਰਾਜਪੁਰਾ ਦੀ ਕੋਂਸਲ 566ਵੇਂ ਨੰਬਰ ਤੇ ਪਹੁੰਚ ਗਈ ਹੈ ਤੇ ਇਸ ਤੋਂ ਇਲਾਵਾ ਗੰਦਾ ਸ਼ਹਿਰ ਹੋਣ ਕਾਰਨ 3 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ | ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸ਼ਹਿਰ ਦੀ ਸੜਕਾਂ, ਸੀਵਰੇਜ਼ ਅਤੇ ਹੋਰ ਸਹੂਲਤਾਂ ਫਿਰ ਤੋਂ ਪ੍ਰਾਪਤ ਕਰਨਾ ਚਾਹੁੰੰਦੇ ਹੋ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਓ | ਇਸ ਮੋਕੇ ਗੁਲਸ਼ਨ ਚਾਵਲਾ, ਰੋਬਿਨ ਸਾਹਣੀ, ਵਿਜੈ ਵਰਮਾ, ਸਨੀ ਸੇਤੀਆ, ਵਿੱਕੀ ਗੰਭੀਰ, ਸ਼ਿਵਮ ਰੇਜਾ, ਨਰਿੰਦਰ ਜਰਗਰ, ਰੋਹਿਤ ਸੇਤੀਆ, ਸੁਭਾਸ਼ ਆਨੰਦ, ਸਿਲਕੀ ਅਰੋੜਾ, ਇੰਦੂ ਬਾਲਾ, ਮੁਨੀਸ਼ਾ ਸੇਤੀਆ, ਰੇਖਾ ਰਾਣੀ, ਸੁਦੇਸ਼ ਦਵੇਦੀ, ਮਨਪ੍ਰੀਤ ਕੌਰ, ਆਰਤੀ ਰੇਜਾ, ਅੰਜੂ ਰਾਣੀ ਸਮੇਤ ਸੈਂਕੜੇ ਲੋਕ ਹਾਜਰ ਸਨ |