ਪਾਤੜਾਂ, 24 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੌਰਾਨ ਹਲਕਾ ਸ਼ੁਤਰਾਣਾ ਦੇ ਵਲੋਂ ਕਥਿਤ ਤੌਰ 'ਤੇ ਵੋਟਰਾਂ ਨੂੰ ਡਰਾਉਣ ਧਮਕਾਉਣ ਸੰਬੰਧੀ ਵਾਇਰਲ ਹੋਈ ਵਿਵਾਦਿਤ ਵੀਡੀਓ ਨੂੰ ਲੈਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ.ਸੀ. ਡਿਪਾਰਟਮੈਂਟ ਦੇ ਐਡਵਾਈਜ਼ਰੀ ਕਮੇਟੀ ਮੈਂਬਰ ਦਰਸ਼ਨ ਸਿੰਘ ਸਿੱਧੂ ਨੇ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਵਿਧਾਇਕ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਭਾਰਤੀ ਲੋਕਤੰਤਰ 'ਚ ਲੋਕਾਂ ਦਾ ਭਰੋਸਾ ਬਣਿਆ ਰਹਿ ਸਕੇ | ਉਨ੍ਹਾਂ ਕਿਹਾ ਕਿ ਜਿਸ ਲੋਕਤੰਤਰ ਨਾਲ ਜਨਤਾ ਆਪਣੇ ਨੁਮਾਇੰਦੇ ਚੁਣਦੀ ਹੈ ਉਸ ਦਾ ਘਾਣ ਕਰਨ ਬਾਰੇ ਸੰਬੋਧਨ ਕਰਨਾ ਬਹੁਤ ਵੱਡਾ ਅਪਰਾਧ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਦੀ ਪਾਤੜਾਂ ਵਿਖੇ ਵੋਟ ਨਾ ਹੋਣ ਕਾਰਨ ਵੋਟਾਂ ਵਾਲੇ ਦਿਨ ਕਿਸੇ ਵੀ ਪੋਲਿੰਗ ਬੂਥ ਉੱਪਰ ਜਾਣ 'ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਣ | ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਧੱਕੇਸ਼ਾਹੀ ਦਾ ਲਟਕੀ ਮੁਕਾਬਲਾ ਕੀਤਾ ਜਾਵੇਗਾ |