ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਗੁਰਦੇਵ ਸਿੰਘ ਟਿਵਾਣਾ ਵਲੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਕੱਲ੍ਹ 28 ਮਈ ਨੂੰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਕੀਤੀ ਜਾਵੇਗੀ | ਜਿਸ 'ਚ ਵਿੱਤ ਮੰਤਰੀ ਹਰਪਾਲ ਚੀਮਾ, ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਮਨ ਅਰੋੜਾ ਕੈਬਨਿਟ ਮੰਤਰੀ, ਵਰਿੰਦਰ ਗੋਇਲ ਕੈਬਨਿਟ ਮੰਤਰੀ ਸਮੇਤ ਜ਼ਿਲ੍ਹੇ ਦੇ ਵਿਧਾਇਕ ਹਾਜ਼ਰ ਹੋਣਗੇ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਉਕਤ ਵਿਧਾਇਕਾਂ ਅਤੇ ਮੰਤਰੀਆਂ ਦੀ ਹਾਜ਼ਰੀ 'ਚ ਗੁਰਦੇਵ ਸਿੰਘ ਟਿਵਾਣਾ ਦੀ ਤਾਜਪੋਸ਼ੀ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਬੀਤੀ 14 ਮਈ ਨੂੰ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਵਿਖੇ ਗੁਰਦੇਵ ਸਿੰਘ ਟਿਵਾਣਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ | ਜਿੱਥੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਸਮੇਤ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਹਾਜ਼ਰ ਰਹਿ ਕੇ ਗੁਰਦੇਵ ਸਿੰਘ ਟਿਵਾਣਾ ਨੂੰ ਆਪ ਮੌਕੇ 'ਤੇ ਸ਼ਾਮਲ ਹੋ ਕੇ ਉਕਤ ਅਹੁਦੇ ਦੀਆਂ ਵਧਾਈਆਂ ਦਿੱਤੀਆਂ ਸਨ |