ਸਮਾਣਾ, 27 ਮਈ (ਸਾਹਿਬ ਸਿੰਘ)-ਪੰਥਕ ਅਕਾਲੀ ਲਹਿਰ ਦੀ ਕੋਰ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਫ਼ਤਿਹਗੜ੍ਹ ਛੰਨਾਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਸਮਾਣਾ ਵਿਖੇ ਵੱਖ ਵੱਖ ਬੂਥਾਂ ਤੇ ਹੋਈ ਗੁੰਡਾਗਰਦੀ ਅਤੇ ਧੱਕੇਸ਼ਾਹੀਆਂ ਨਾਲ ਲੋਕਤੰਤਰ ਦਾ ਜਨਾਜ਼ਾ ਨਿਕਲ ਗਿਆ ਹੈ | ਉਨ੍ਹਾਂ ਆਖਿਆ ਕਿ ਭਾੜੇ 'ਤੇ ਲਿਆਂਦੇ ਗੁੰਡਿਆਂ ਨੂੰ ਸ਼ਹਿਰੀਆਂ 'ਤੇ ਹਮਲੇ ਕੀਤੇ ਅਤੇ ਉਨ੍ਹਾਂ ਦਾ ਅਪਮਾਨ ਕੀਤਾ | ਇਸ ਗੁੰਡਾਗਰਦੀ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਥੋੜ੍ਹੀ ਹੈ | ਉਨ੍ਹਾਂ ਆਖਿਆ ਕਿ ਇਸ ਗੁੰਡਾਗਰਦੀ ਲਈ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਸ ਧੱਕਾਸ਼ਾਹੀ ਨੇ ਸ. ਰੱਖੜਾ ਦਾ ਸਿਆਸੀ ਭਵਿੱਖ ਵੀ ਤਬਾਹ ਕਰ ਦਿੱਤਾ ਹੈ | ਉਨ੍ਹਾਂ ਆਖਿਆ ਕਿ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਹਲਕੇ ਵਿਚੋਂ ਗੁੰਡਾਗਰਦੀ ਖ਼ਤਮ ਕਰ ਦਿੱਤੀ ਸੀ ਪਰ ਰੱਖੜਾ ਦੇ 'ਆਪ' ਵਿਚ ਆਉਣ ਨਾਲ ਹੀ ਗੁੰਡਾਗਰਦ ਤਾਕਤਾਂ ਨੇ ਫਿਰ ਤੋਂ ਸਿਰ ਚੁੱਕ ਲਿਆ ਹੈ | ਉਨ੍ਹਾਂ ਪੱਤਰਕਾਰਾਂ ਦੇ ਫੋਨ ਖੋਹਣ ਦੀਆਂ ਵਾਰਦਾਤਾਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਬਦਲਾਅ ਵਾਲੀ ਸਰਕਾਰ ਕੋਈ ਬਦਲਾਅ ਨਹੀਂ ਕਰ ਸਕੀ | ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪੁਲਿਸ ਵੀ ਗਲਤ ਅਨਸਰਾਂ ਦਾ ਸਾਥ ਦਿੰਦੀ ਵਿਖਾਈ ਦਿੱਤੀ |