ਦੇਵੀਗੜ੍ਹ, 27 ਮਈ (ਰਾਜਿੰਦਰ ਸਿੰਘ ਮੌਜੀ)-ਸਥਾਨਕ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਵਿੰਗ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਸਿਖਲਾਈ ਟੂਰ ਕੈਂਪ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਵਾਪਸ ਪਰਤ ਆਇਆ ਹੈ | ਇਸ ਕੈਂਪ ਦੌਰਾਨ ਸਕੂਲ ਦੇ ਕੈਡੇਟਾਂ ਨੇ ਵੱਖ-ਵੱਖ ਖੇਡਾਂ ਅਤੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟੂਰ 'ਚ ਕੁੱਲ 24 ਐਨ.ਸੀ.ਸੀ. ਕੈਡੇਟਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚ 14 ਲੜਕੇ ਅਤੇ 10 ਲੜਕੀਆਂ ਸ਼ਾਮਲ ਸਨ | ਕੈਂਪ ਦੌਰਾਨ ਹੋਏ ਵੱਖ-ਵੱਖ ਖੇਡ ਮੁਕਾਬਲਿਆਂ 'ਚ ਸਕੂਲ ਦੇ ਕੈਡੇਟਾਂ ਦਾ ਦਬਦਬਾ ਰਿਹਾ | ਖ਼ਾਸ ਕਰਕੇ ਖੋ-ਖੋ ਮੁਕਾਬਲੇ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ | ਇਸੇ ਤਰ੍ਹਾਂ ਵਾਲੀਬਾਲ ਦੇ ਫਸਵੇਂ ਮੁਕਾਬਲੇ ਵਿਚ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚਾਂਦੀ ਦੇ ਤਗਮੇ 'ਤੇ ਕਬਜਾ ਜਮਾਇਆ | ਕੈਡੇਟਾਂ ਦੀ ਇਸ ਖੇਡ ਪ੍ਰਤਿਭਾ ਦੀ ਕੈਂਪ ਦੇ ਪ੍ਰਬੰਧਕਾਂ ਵਲੋਂ ਵੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਟੂਰ ਅਤੇ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਦੇਸ ਭਗਤੀ ਦੀ ਭਾਵਨਾ ਪੈਦਾ ਕਰਨਾ ਸੀ | ਕੈਂਪ ਦੌਰਾਨ ਕੈਡੇਟਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਦੌੜ, ਸ਼ੂਟਿੰਗ ਅਤੇ ਫਾਇਰਿੰਗ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ | ਇਸ ਤੋਂ ਇਲਾਵਾ ਮੌਜੂਦਾ ਸਮੇਂ ਦੀ ਲੋੜ ਨੂੰ ਦੇਖਦਿਆਂ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਨੂੰ ਸੈੱਲਫ਼ ਡਿਫੈਂਸ ਆਤਮ-ਰੱਖਿਆ ਦੇ ਗੁਰ ਸਿਖਾਏ ਗਏ | ਕੈਡੇਟਾਂ ਨੇ ਟੱਗ ਆਫ ਵਾਰ ਰੱਸਾਕਸੀ ਅਤੇ ਕਈ ਰੰਗਾਰੰਗ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦਾ ਵਿਕਾਸ ਹੋਇਆ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕੈਡੇਟਾਂ ਦੀ ਵਾਪਸੀ 'ਤੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਐਨ.ਸੀ.ਸੀ. ਵਿਦਿਆਰਥੀਆਂ ਦੇ ਜੀਵਨ ਵਿਚ ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਦੀ ਹੈ | ਸਾਡੇ ਸਕੂਲ ਦੇ ਬੱਚਿਆਂ ਨੇ ਜਿਸ ਤਰ੍ਹਾਂ ਕੈਂਪ ਵਿਚ ਅਨੁਸ਼ਾਸਨ ਦਾ ਸਬੂਤ ਦਿੰਦਿਆਂ ਤਗਮੇ ਜਿੱਤੇ ਹਨ, ਉਹ ਬੇਹਦ ਸ਼ਲਾਘਾਯੋਗ ਹੈ | ਸਕੂਲ ਦੇ ਪ੍ਰਧਾਨ ਰਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੰਸਥਾ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ | ਲੜਕੀਆਂ ਵਲੋਂ ਕੈਂਪ 'ਚ ਦਿਖਾਇਆ ਗਿਆ ਉਤਸ਼ਾਹ ਮਹਿਲਾ ਸਸਕਤੀਕਰਨ ਦੀ ਮਿਸਾਲ ਹੈ | ਪਿ੍ੰਸੀਪਲ ਪੂਨਮ ਧੀਮਾਨ ਨੇ ਕੈਡੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਟੂਰ ਬੱਚਿਆਂ ਲਈ ਇਕ ਵਧੀਆ ਸਿੱਖਣ ਦਾ ਅਨੁਭਵ ਰਿਹਾ ਹੈ | ਫਾਇਰਿੰਗ, ਸ਼ੂਟਿੰਗ ਅਤੇ ਆਤਮ-ਰੱਖਿਆ ਦੀ ਟ੍ਰੇਨਿੰਗ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਵਧਿਆ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਕੈਡੇਟ ਭਵਿੱਖ ਵਿਚ ਦੇਸ ਦੀ ਸੇਵਾ 'ਚ ਵੱਡਾ ਯੋਗਦਾਨ ਪਾਉਣਗੇ | ਕੋਚ ਕੇਸ਼ਵ ਕਾਂਤ ਨੇ ਦੱਸਿਆ ਕਿ ਸਾਰੇ 24 ਕੈਡੇਟਾਂ ਨੇ ਕੈਂਪ ਦੀ ਸਖ਼ਤ ਟ੍ਰੇਨਿੰਗ ਦੌਰਾਨ ਬਹੁਤ ਮਿਹਨਤ ਕੀਤੀ | ਬੱਚਿਆਂ ਦੀ ਦਿਨ-ਰਾਤ ਦੀ ਲਗਨ ਸਦਕਾ ਹੀ ਅਸੀਂ ਖੋ-ਖੋ ਅਤੇ ਵਾਲੀਬਾਲ ਵਿਚ ਤਗਮੇ ਜਿੱਤਣ 'ਚ ਕਾਮਯਾਬ ਹੋਏ ਹਾਂ | ਸਕੂਲ ਪਹੁੰਚਣ 'ਤੇ ਸਾਰੇ ਜੇਤੂ ਕੈਡੇਟਾਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਪੂਰੇ ਸਕੂਲ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ |