ਡਾ. ਮੱਟੂ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਾਇਕ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਅਜੀਤ ਡੈਸਕ
12-06-2026
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਪਿੰਡਾਂ ਘੱਗਾ, ਅਰਨੇਟੂ, ਚਿੱਚੜਵਾਲਾ, ਸ਼ੁਤਰਾਣਾ, ਅਤਾਲਾਂ ਤੋਂ ਆਏ ਮਜ਼ਦੂਰਾਂ ਨੂੰ ਵਿਭਾਗ ਵਲੋਂ ਮਿਲਦੀਆਂ ਸਹੂਲਤਾਂ ਜਿਵੇਂ ਲੜਕੀਆਂ ਲਈ ਸ਼ਗਨ ਸਕੀਮ, ਮਜ਼ਦੂਰਾਂ ਦੇ ਬੱਚਿਆਂ ਨੂੰ ਸਿੱਖਿਆ ਹਾਸਿਲ ਕਰਨ ਲਈ ਮਿਲਦੇ ਵਜ਼ੀਫ਼ਿਆਂ ਆਦਿ ਲਾਭ ਮਿਲਣ ਵਿਚ ਹੋ ਰਹੀ ਦੇਰੀ ਦੀ ਸਮੱਸਿਆ ਐਡੀਸ਼ਨਲ ਕਮਿਸ਼ਨਰ ਸਾਹਮਣੇ ਧਿਆਨ ਵਿਚ ਲਿਆਂਦੀ ਗਈ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਮਜ਼ਦੂਰ ਲੋਕ ਜ਼ਿਆਦਾ ਪੜੇ ਲਿਖੇ ਨਹੀਂ ਹਨ | ਜਿਸ ਕਾਰਣ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੇ ਲਾਭ ਪ੍ਰਾਪਤ ਕਰਨ ਲਈ ਫਾਰਮ ਭਰਦੇ ਸਮੇਂ ਬਹੁਤ ਸਾਰੀਆਂ ਗ਼ਲਤੀਆਂ ਹੋ ਜਾਂਦੀਆਂ ਹਨ | ਜਿਸ ਕਾਰਣ ਮਜ਼ਦੂਰਾਂ ਨੂੰ ਵਿਭਾਗ ਦੀ ਕਿਸੇ ਵੀ ਸਕੀਮ ਦਾ ਲਾਭ ਪ੍ਰਾਪਤ ਕਰਨ ਵਿਚ ਦੇਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਕਿਰਤ ਵਿਭਾਗ ਨਾਲ ਸੰਬੰਧਿਤ ਮਜ਼ਦੂਰ ਵਿਭਾਗੀ ਲਾਭ ਪ੍ਰਾਪਤ ਕਰਨ ਵਿਚ ਖੱਜਲ ਨਾ ਹੋਣ ਇਸ ਲਈ ਕਿਰਤ ਵਿਭਾਗ ਦੇ ਅਧਿਕਾਰੀ ਅਤੇ ਡੀਲਿੰਗ ਹੈਂਡ ਕਰਮਚਾਰੀ ਮਜ਼ਦੂਰਾਂ ਦੇ ਫਾਰਮਾਂ ਵਿਚ ਅਜਿਹੀਆਂ ਤਰੁੱਟੀਆਂ ਨੂੰ ਵਿਭਾਗ ਵਿਚ ਦਰੁਸਤ ਕਰਨ ਅਤੇ ਇਸ ਨਾਲ ਮਜ਼ਦੂਰਾਂ ਦੀ ਪਰੇਸ਼ਾਨੀ ਘਟਾਈ ਜਾ ਸਕੇ | ਇਨ੍ਹਾਂ ਮੁਸ਼ਕਲਾਂ ਨੂੰ ਕਮਿਸ਼ਨਰ ਮੈਡਮ ਨੇ ਗੰਭੀਰਤਾ ਨਾਲ ਸੁਣਿਆ ਅਤੇ ਕਿਰਤ ਵਿਭਾਗ ਵਲੋਂ ਮਿਲਦੇ ਲਾਭ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਤਾਕੀਦ ਕੀਤੀ | ਇਸ ਮੌਕੇ ਹਲਕਾ ਸ਼ੁਤਰਾਣਾ ਦੇ ਸਰਗਰਮ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਹਰ ਵਿਅਕਤੀ ਦੀ ਸਮੱਸਿਆ ਹੱਲ ਕਰਵਾਉਣ ਲਈ ਉਹ ਦਿਨ-ਰਾਤ ਕੰਮ ਕਰ ਰਹਿਣਗੇ ਅਤੇ ਉਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ |