ਪਟਿਆਲਾ, 26 ਜੂਨ (ਧਰਮਿੰਦਰ ਸਿੰਘ ਸਿੱਧੂ)-ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਰਾਹੁਲ ਗਾਂਧੀ ਦੇ ਪਾਇਲਟ ਪ੍ਰੋਜੈਕਟ ਤਹਿਤ ਹੋਈਆਂ ਯੂਥ ਕਾਂਗਰਸ ਚੋਣਾਂ ’ਚ ਸੰਜੀਵ ਸ਼ਰਮਾ ਕਾਲੂ ਧੜੇ ਦੀ ਇਕ ਤਰਫ਼ਾਂ ਜਿੱਤ ’ਤੇ ਸਮੂਹ ਜੇਤੂ ਨੌਜਵਾਨ ਆਗੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਰਾਜਨੀਤਿਕ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਡਾ. ਗਾਂਧੀ ਨੇ ਇਹ ਵਿਚਾਰ ਸੰਜੀਵ ਸ਼ਰਮਾ ਕਾਲੂ ਧੜੇ ਦੇ ਜੇਤੂ ਨੌਜਵਾਨ ਆਗੂ ਉਨ੍ਹਾਂ ਨਾਲ ਮੁਲਾਕਾਤ ਕਰਨ ਮੌਕੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਵਿਅਕਤੀਗਤ ਜਿੱਤ ਨਹੀਂ, ਸਗੋਂ ਨੌਜਵਾਨਾਂ ਦੇ ਭਰੋਸੇ, ਮਿਹਨਤ ਅਤੇ ਬਦਲਾਅ ਦੀ ਸੋਚ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਯੂਥ ਕਾਂਗਰਸ ਚੋਣਾਂ ਨੇ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਆਪਣੀ ਲੀਡਰਸ਼ਿਪ ਚੁਣਨ ਅਤੇ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨਵੀਂ ਨੌਜਵਾਨ ਟੀਮ ਪੰਜਾਬ ਦੀ ਰਾਜਨੀਤੀ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਡਾ. ਗਾਂਧੀ ਨੇ ਸਾਰੇ ਜੇਤੂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਹੁਦਿਆਂ ਨੂੰ ਸਨਮਾਨ ਦੇ ਨਾਲ-ਨਾਲ ਇਕ ਵੱਡੀ ਜ਼ਿੰਮੇਵਾਰੀ ਸਮਝਣ ਅਤੇ ਲੋਕ ਸੇਵਾ, ਨੌਜਵਾਨਾਂ ਦੇ ਹੱਕਾਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਨਿਰੰਤਰ ਕੰਮ ਕਰਨ। ਇਸ ਮੌਕੇ ਸਾਬਕਾ ਕੌਂਸਲਰ ਐਡਵੋਕੇਟ ਸੇਵਕ ਸਿੰਘ ਝਿੱਲ, ਯੂਥ ਕਾਂਗਰਸ ਮੀਤ ਪ੍ਰਧਾਨ ਮਾਧਵ ਸਿੰਗਲਾ, ਹਲਕਾ ਪ੍ਰਧਾਨ ਰਿਦਮ ਸ਼ਰਮਾ, ਬਲਾਕ ਪ੍ਰਧਾਨ ਹੇਮੰਤ ਪਾਠਕ, ਪਰਵੀਨ ਰਾਵਤ, ਜਰਨੈਲ ਸੈਕਟਰੀ ਰੋਹਿਤ ਗਰਗ, ਰਵੀ ਮੱਟੂ, ਸੁੱਚਾ ਸਿੰਘ, ਮਾਲਵਿੰਦਰ ਸਿੰਘ, ਹਰਮਨ ਕੋਹਲੀ ,ਮੱਨੁ ਧਾਲੀਵਾਲ ਆਦਿ ਹਾਜ਼ਿਰ ਸਨ।