ਸਨੌਰ, 26 ਜੂਨ (ਮੋਹਣ ਸਿੰਘ ਭੱਟੀ)-ਨੈਸ਼ਨਲ ਵਾਈ.ਆਰ.ਐੱਸ.ਏ. ਚੈਂਪੀਅਨਸ਼ਿਪ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ, ਘੜਾਮ ਰੋਡ ਜੁਲਾਹ ਖੇੜੀ ਸਥਿਤ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਾਉਣ ਲਈ ਕਦਮ ਵਧਾ ਦਿੱਤਾ ਹੈ। ਸਕੂਲ ਦੀ ਖੇਡ ਟੀਮ ਇੰਡੋ-ਨੇਪਾਲ ਯੂਥ ਅੰਤਰਰਾਸ਼ਟਰੀ ਚੈਂਪੀਅਨਸ਼ਿਪ 2026-27 ਵਿਚ ਭਾਗ ਲੈਣ ਲਈ ਪੂਰੇ ਉਤਸ਼ਾਹ ਅਤੇ ਜਿੱਤ ਦੇ ਜਜ਼ਬੇ ਨਾਲ ਰਵਾਨਾ ਹੋਈ। ਇਸ ਵੱਕਾਰੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਸਕੂਲ ਦੇ ਹੋਣਹਾਰ ਖਿਡਾਰੀ ਚੈੱਸ, ਕਰਾਟੇ, ਕਿੱਕ-ਬਾਕਸਿੰਗ, ਤਾਈਕਵਾਂਡੋ ਅਤੇ ਐਥਲੈਟਿਕਸ ਵਰਗੇ ਪ੍ਰਮੁੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਹ ਸਾਰੀ ਟੀਮ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੀ ਦੇਖ-ਰੇਖ ਵਿਚ ਮੁਕਾਬਲਿਆਂ ਲਈ ਰਵਾਨਾ ਹੋਈ ਹੈ, ਜਿਸ ਨਾਲ ਸਕੂਲ ਦੇ ਨਾਲ-ਨਾਲ ਪੂਰੇ ਇਲਾਕੇ ਦਾ ਨਾਮ ਖੇਡ ਜਗਤ ਵਿਚ ਚਮਕਿਆ ਹੈ। ਟੀਮ ਦੀ ਰਵਾਨਗੀ ਦੇ ਸ਼ੁਭ ਮੌਕੇ ’ਤੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਸਾਰੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਜਿੱਤ ਦਾ ਆਸ਼ੀਰਵਾਦ ਦੇ ਕੇ ਵਿਦਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਦਾ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਲਈ ਚੁਣਿਆ ਜਾਣਾ ਪੂਰੇ ਖੇਤਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਨੈਸ਼ਨਲ ਚੈਂਪੀਅਨਸ਼ਿਪ ਦੀ ਤਰ੍ਹਾਂ ਬੱਚੇ ਇਸ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼, ਪੰਜਾਬ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਖਿਡਾਰੀਆਂ ਅਤੇ ਖੇਡ ਵਿਭਾਗ ਦੇ ਕੋਚਾਂ ਦੀ ਦਿਨ-ਰਾਤ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਦੁਹਰਾਇਆ ਕਿ ਸਕੂਲ ਪ੍ਰਬੰਧਕ ਕਮੇਟੀ ਹਮੇਸ਼ਾ ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਅਤੇ ਸਹਿਯੋਗ ਪ੍ਰਦਾਨ ਕਰਦੀ ਰਹੇਗੀ ਤਾਂ ਜੋ ਹੋਣਹਾਰ ਬੱਚੇ ਉੱਚੇ ਮੁਕਾਮ ਹਾਸਲ ਕਰ ਸਕਣ।