ਪਟਿਆਲਾ, 26 ਜੂਨ (ਮਨਦੀਪ ਸਿੰਘ ਖਰੌੜ)-ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਲਲ੍ਹਕ ਇੰਨੀ ਜ਼ਿਆਦਾ ਹੈ ਕਿ ਉਹ ਜਾਂਚ ਕੀਤੇ ਬਿਨਾਂ ਹੀ ਏਜੰਟਾਂ ਕੋਲ ਪੈਸੇ ਫਸਾ ਲੈਂਦੇ ਹਨ। ਇਵੇਂ ਦੀ ਹੀ ਇਕ ਸ਼ਿਕਾਇਤ ਅਰਬਨ ਅਸਟੇਟ ਪੁਲਿਸ ਕੋਲ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਟਿਆਲਾ ਨੇ ਦਰਜ ਕਰਵਾਈ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਅਤੇ ਬਲਵੰਤ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਪੈਸੇ ਲੈ ਲਏ ਅਤੇ ਬਾਅਦ ’ਚ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਦੱਸਿਆ ਕਿ 4 ਲੱਖ 30 ਹਜ਼ਾਰ ਰੁਪਏ ਵਾਪਸ ਕਰਨ ਸੰਬੰਧੀ 27 ਮਾਰਚ ਨੂੰ ਉਨ੍ਹਾਂ ਦਾ ਪੰਚਾਇਤੀ ਰਾਜ਼ੀਨਾਮਾ ਹੋ ਗਿਆ ਸੀ ਪਰੰਤੂ ਮੁਲਜ਼ਮ ਅਮਨਦੀਪ ਸਿੰਘ ਵਾਸੀ ਅਰਬਨ ਅਸਟੇਟ ਨੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ। ਪੁਲਿਸ ਵਲੋਂ ਜਾਂਚ ਕਰਨ ਉਪਰੰਤ ਅਮਨਦੀਪ ਸਿੰਘ ਵਾਸੀ ਅਰਬਨ ਅਸਟੇਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।