ਪਟਿਆਲਾ, 30 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਮਾਨਸੂਨ ਦੀ ਆਮਦ ਦੇ ਮਿਲੇ ਸੰਕੇਤਾਂ ਤੋਂ ਬਾਅਦ ਸ਼ਹਿਰ ਦੇ ਅੰਦਰੋਂ ਅੰਦਰ ਜਾਂਦੀਆਂ ਡਰੇਨਾਂ ਅਤੇ ਛੋਟੀ ਨਦੀ ਵਿਚ ਸਫ਼ਾਈ ਨਾ ਹੋਣ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਹਨ। ਕਈ ਕਿੱਲੋਮੀਟਰ ਇਲਾਕੇ ’ਚ ਫੈਲੀਆਂ ਇਹ ਡਰੇਨਾਂ ਤੇ ਛੋਟੀ ਨਦੀ ਅੰਦਰ ਸੰਘਣੀ ਤਾਦਾਦ ’ਚ ਬੂਟੀ ਦੇ ਖੜ੍ਹੇ ਹੋਣ ਅਤੇ ਕਬਾੜ ਦੇ ਸੁੱਟੇ ਹੋਣ ਦੀਆਂ ਤਸਵੀਰਾਂ ਜ਼ਿਆਦਾ ਬਰਸਾਤ ’ਚ ਨੁਕਸਾਨ ਹੋਣ ਵੱਲ ਇਸ਼ਾਰਾ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਛੋਟੀ ਨਦੀ ਦੇ ਨਾਲ ਲਗਦੀਆਂ ਕਈ ਕਾਲੋਨੀਆਂ ਦੇ ਵਸਨੀਕ ਹਰ ਵਾਰ ਬਰਸਾਤੀ ਪਾਣੀ ਦੇ ਉਛਾਲ ਤੋਂ ਬਾਅਦ ਸਮਾਨ ਦੇ ਨੁਕਸਾਨ ਕਾਰਨ ਨਿਰਾਸ਼ ਦਿਖਦੇ ਹਨ। ਦੂਜੇ ਪਾਸੇ ਨਗਰ ਨਿਗਮ ਵਲੋਂ 43 ਲੱਖ ਰੁਪਏ ਦੇ ਕਰੀਬ ਇਨ੍ਹਾਂ ਡਰੇਨਾਂ ਜਾਂ ਛੋਟੀ ਨਦੀ ਦੀ ਸਫ਼ਾਈ ਲਈ ਡਰੇਨੇਜ ਵਿਭਾਗ ਨੂੰ ਪਹਿਲਾਂ ਹੀ ਦੇ ਦਿੱਤੇ ਗਏ ਹਨ। ਇਸ ਦੇ ਬਾਵਜੂਦ ਵੀ ਵੱਡੀ ਮਾਤਰਾ ’ਚ ਖੜ੍ਹੀ ਬੂਟੀ ਅਤੇ ਹੋਰ ਕਬਾੜ ਦੀ ਸਫ਼ਾਈ ਨਾ ਹੋਣਾ ਵਿਭਾਗ ਦੀ ਸੁਸਤ ਚਾਲ ਵੱਲ ਇਸ਼ਾਰਾ ਕਰਦਾ ਹੈ। ਆਖ਼ਿਰ ਵਿਭਾਗ ਇਸ ਗੱਲ ਦਾ ਇੰਤਜ਼ਾਰ ਕਰਦਾ ਲੱਗਦਾ ਹੈ ਕਿ ਬਰਸਾਤ ਪੈਣ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਪਾਣੀ ਨੂੰ ਡਾਫ਼ ਲੱਗਣ ਦਾ ਕਾਰਨ ਬਣਦੀ ਬੂਟੀ ਨੂੰ ਪਿੱਛੋਂ ਆਈ ਕਹਿ ਕੇ ਪੱਲਾ ਝਾੜ ਦਿੱਤਾ ਜਾਵੇ। ਇਸ ਸੰਬੰਧੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਸਫ਼ਾਈ ਦਾ ਕੰਮ ਰਾਜਪੁਰਾ ਰੋਡ ਸਥਿਤ ਪੁਲ ਦੇ ਕੋਲ ਹੋ ਰਿਹਾ ਹੈ ਉਹ ਜਲਦੀ ਹੀ ਬਾਕੀ ਰਹਿੰਦੀਆਂ ਥਾਵਾਂ ਉੱਪਰ ਵੀ ਸਫ਼ਾਈ ਮੁਹਿੰਮ ਚਲਾਉਣਗੇ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨਦੀ ਨੂੰ ਪੱਕਾ ਕਰਨ ਲਈ ਵਰਤਿਆ ਗਿਆ ਸਾਮਾਨ ਵੀ ਮਲਬੇ ਦੇ ਰੂਪ ਵਿਚ ਇਸ ਦੇ ਅੰਦਰ ਹੀ ਸੁੱਟ ਦਿੱਤਾ ਗਿਆ ਜੋ ਕਿ ਨਦੀ ਦੀ ਡੂੰਘਾਈ ਘਟਣ ਦਾ ਕਾਰਨ ਵੀ ਬਣਿਆ ਪਿਆ ਹੈ। ਇਹ ਇਲਾਕਾ ਤਕਰੀਬਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਵਿਧਾਨ ਸਭਾਈ ਹਲਕੇ ’ਚ ਆਉਂਦਾ ਹੈ। ਆਖ਼ਿਰ ਅਧਿਕਾਰੀਆਂ ਦੀ ਸੁਸਤ ਰਫ਼ਤਾਰ ਦਾ ਖ਼ਮਿਆਜ਼ਾ ਆਉਂਦੀਆਂ ਚੋਣਾਂ ’ਚ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ।