ਮਾਮਲਾ-ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਹੱਤਿਆ ਦਾ ਸ਼ਹਿਰੀ ਪੁਲਿਸ ਵਲੋਂ ਨਾਲ ਗਏ 6 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
01-07-2026
ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸ਼ਾਮਦੋ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਲੜਕਾ ਗੁਰਤੇਜ ਸਿੰਘ (19) ਆਪਣੇ 6 ਦੋਸਤਾਂ ਦੇ ਨਾਲ ਰਾਜਪੁਰਾ ਚੰਡੀਗੜ੍ਹ ਰੋਡ ਉੱਤੇ ਸਥਿਤ ਗੋਗੀ ਢਾਬੇ ਦੇ ਵਿਚ ਜਨਮ ਦਿਨ ਮਨਾਉਣ ਲਈ ਗੱਡੀ ਵਿਚ ਸਵਾਰ ਹੋ ਕੇ ਗਿਆ ਸੀ। ਜਿਸ ਤੇ ਜਦੋਂ ਉਹ ਖ਼ੂਨ ਨਾਲ ਲਿੱਬੜਿਆ ਆਪਣੇ ਘਰ ਪਹੁੰਚਿਆ ਤਾਂ ਮੇਰੇ ਘਰ ਵਿਚ ਨਾ ਹੋਣ ’ਤੇ ਮੇਰੇ ਪਿਤਾ ਮਹਿੰਦਰ ਸਿੰਘ ਨੇ ਉਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਗੁਰਤੇਜ ਸਿੰਘ ਦੀ ਲੜਾਈ ਹੋਣ ਕਾਰਨ ਉਸ ਦੇ ਸੱਟਾਂ ਲੱਗੀਆਂ ਹਨ। ਜਦੋਂ ਉਸ ਦੇ ਲੜਕੇ ਗੁਰਤੇਜ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਗੁਰਤੇਜ ਸਿੰਘ ਦੇ ਸਿਰ ਦੇ ਪਿੱਛੇ ਲੋਹੇ ਦੀ ਰਾੜ ਦੇ ਨਾਲ ਦੇ ਨਾਲ ਵਾਰ ਕੀਤੇ ਹੋਣ ਸੰਬੰਧੀ ਅਤੇ ਹੱਥ ਦੇ ’ਤੇ ਕਿਰਚ ਦੇ ਨਾਲ ਵਾਰ ਕੀਤੇ ਜਾਣ ਸੰਬੰਧੀ ਸੱਟਾਂ ਦੇ ਨਿਸ਼ਾਨ ਸਨ ਅਤੇ ਖ਼ੂਨ ਵੱਗ ਰਿਹਾ ਸੀ। ਜਿਸ ’ਤੇ ਉਸ ਨੂੰ ਸ਼ੱਕ ਹੈ ਕਿ ਉਸ ਦੇ 6 ਦੋਸਤਾਂ ਨੇ ਉਸ ਦੀ ਕੁੱਟਮਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਜਿਸ ’ਤੇ ਥਾਣਾ ਸ਼ਹਿਰੀ ਦੀ ਪੁਲਿਸ ਵਲੋਂ ਪਿੰਡ ਸ਼ਾਮਦੋ ਦੇ ਗੁਰਤੇਜ ਸਿੰਘ ਦੇ ਛੇ ਦੋਸਤਾਂ ਹਰਮਨ ਸਿੰਘ ਪੁੱਤਰ ਕਰਮਜੀਤ ਸਿੰਘ, ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਉਦੈ ਸਿੰਘ ਪੁੱਤਰ ਰਾਮ ਦਿਆਲ, ਨਵਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਆਕਾਸ਼ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀਆਨ ਪਿੰਡ ਸ਼ਾਮਦੂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਕਰਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਸ਼ਹਿਰੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਕਤਲ ਦੇ ਮਾਮਲੇ ਸੰਬੰਧੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।