ਸਮਾਣਾ, 30 ਜੂਨ (ਸਾਹਿਬ ਸਿੰਘ)-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਾਹਿਬ ਮਲਕਾਨਾ ਪੱਤੀ ਗੁਰੂ ਨਾਨਕ ਨਗਰ ਸਮਾਣਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਗੁਰਚਰਨ ਸਿੰਘ ਦੇ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ। ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦੇ ਮੁੱਖ ਗ੍ਰੰਥੀ ਤੇ ਕਥਾਵਾਚਕ ਭਾਈ ਸਤਪਾਲ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਪਰਉਪਕਾਰੀ ਗੁਣਾਂ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਵਿਆਹ ਸ਼ਾਦੀਆਂ ਤੇ ਭੋਗਾਂ ’ਤੇ ਫ਼ਜ਼ੂਲਖ਼ਰਚੀ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੈਸੇ ਦੀ ਬੱਚਤ ਕਰਕੇ ਗ਼ਰੀਬਾਂ ਦੀ ਮਦਦ ਕੀਤੀ ਜਾਵੇ। ਨਵੇਂ ਚੁਣੇ ਨਗਰ ਕੌਂਸਲ ਮੈਂਬਰ ਮਨਜਿੰਦਰ ਸਿੰਘ ਰਾਣਾ ਸੇਖੋਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਲੂਥਰਾ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਜਾਵੇ। ਗੁਰਦੁਆਰਾ ਕਮੇਟੀ ਵਲੋਂ ਰਾਣਾ ਸੇਖੋਂ ਸਣੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਖ਼ਜ਼ਾਨਚੀ ਦਲਬਾਰਾ ਸਿੰਘ, ਅਜੀਤ ਸਿੰਘ ਕੋਟਲੀ, ਗੁਰਚਰਨ ਸਿੰਘ ਟੌਹੜਾ, ਕੁਲਵੰਤ ਸਿੰਘ ਅਤਾਲਾਂ, ਬਲਦੇਵ ਕਿ੍ਰਸ਼ਨ ਸਾਬਕਾ ਐਮ. ਸੀ., ਕਿ੍ਸ਼ਨ ਦੇਵ ਭਿੱਲਾ, ਲਖਵਿੰਦਰ ਸਿੰਘ, ਬਾਬਾ ਗੁਰਚਰਨ ਸਿੰਘ, ਪਿ੍ਰੰਸੀਪਲ ਜੁਗਪ੍ਰਗਟ ਸਿੰਘ, ਸੁਰਜੀਤ ਸਿੰਘ ਵੜੈਚ, ਜਰਨੈਲ ਸਿੰਘ, ਨੰਬਰਦਾਰ ਸਾਹਿਬ ਸਿੰਘ, ਬੀਬੀ ਸੁਖਦੇਵ ਕੌਰ, ਬੀਬੀ ਅਮਨ ਕੌਰ, ਬੀਬੀ ਜਸਵਿੰਦਰ ਕੌਰ ਅਤੇ ਬੀਬੀ ਰਮਨਜੀਤ ਕੌਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।