ਘਨੌਰ, 30 ਜੂਨ (ਸਰਦਾਰਾ ਸਿੰਘ ਲਾਛੜੂ)-ਘਨੌਰ ਦੇ ਸਰਕਾਰੀ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਡਾ. ਨਿਧੀ ਵਰਮਾ ਦੀ ਤਾਇਨਾਤੀ ਨੂੰ ਬਹਾਲ ਕਰਵਾ ਕੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੇ ਯਤਨਾਂ ਸਦਕਾ ਡਾ. ਨਿਧੀ ਵਰਮਾ ਦੀ ਰਾਜਪੁਰਾ ਕੀਤੀ ਗਈ ਬਦਲੀ ਨੂੰ ਰੱਦ ਕਰਵਾ ਕੇ ਉਨ੍ਹਾਂ ਨੂੰ ਮੁੜ ਘਨੌਰ ਵਿਖੇ ਤਾਇਨਾਤ ਕੀਤਾ ਗਿਆ ਹੈ। ਹਾਲ ਹੀ ਵਿਚ ਡਾ. ਨਿਧੀ ਵਰਮਾ ਦੀ ਬਦਲੀ ਦੇ ਹੁਕਮਾਂ ਤੋਂ ਬਾਅਦ ਹਲਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਸੀ, ਕਿਉਂਕਿ ਉਨ੍ਹਾਂ ਦੀ ਮੌਜੂਦਗੀ ਹਸਪਤਾਲ ਵਿਚ ਮਰੀਜ਼ਾਂ, ਖ਼ਾਸ ਕਰਕੇ ਗਰਭਵਤੀ ਮਹਿਲਾਵਾਂ ਲਈ ਬੇਹੱਦ ਜ਼ਰੂਰੀ ਸੀ। ਇਲਾਕੇ ਦੇ ਮੋਹਤਬਰਾਂ ਵਲੋਂ ਇਹ ਸਮੱਸਿਆ ਵਾਈਸ ਚੇਅਰਮੈਨ ਵਿੱਕੀ ਘਨੌਰ ਦੇ ਧਿਆਨ ਵਿਚ ਲਿਆਂਦੀ ਗਈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਲੈਂਦਿਆਂ, ਵਿੱਕੀ ਘਨੌਰ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਅਤੇ ਲੋਕਹਿਤ ਵਿਚ ਇਹ ਫ਼ੈਸਲਾ ਵਾਪਸ ਕਰਵਾਇਆ। ਇਸ ਮੌਕੇ ਵਿੱਕੀ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਸੂਬੇ ਦੇ ਹਰ ਕੋਨੇ ਵਿਚ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਇਹ ਨਿਰੰਤਰ ਯਤਨ ਹੈ ਕਿ ਆਮ ਲੋਕਾਂ ਨੂੰ ਇਲਾਜ ਲਈ ਕਿਧਰੇ ਵੀ ਖ਼ੱਜਲ਼-ਖ਼ੁਆਰ ਨਾ ਹੋਣਾ ਪਵੇ। ਡਾ. ਨਿਧੀ ਵਰਮਾ ਦੀ ਵਾਪਸੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਗੁਰਪਾਲ ਸਿੰਘ ਵੜੈਚ, ਸੰਦੀਪ ਕੁਮਾਰ ਘਨੌਰ, ਸਤਵਿੰਦਰ ਸਿੰਘ, ਜੱਸਾ ਨਸੀਰਪੁਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਨਸੀਰਪੁਰ, ਅਮਨ, ਕਿ੍ਰਸ਼ਨ ਕੁਮਾਰ, ਦਵਿੰਦਰ ਸਿੰਘ ਅਤੇ ਤਰਸੇਮ ਸਿੰਘ ਜਲਾਲਪੁਰ ਨੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।