ਪਾਤੜਾਂ, 2 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਬਰਸਾਤੀ ਮੌਸਮ ਨੂੰ ਦੇਖਦਿਆਂ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਅੰਦਰ ਹੜ੍ਹਾਂ ਨੂੰ ਲੈ ਕੇ ਭਾਰੀ ਸਹਿਮ ਪਾਇਆ ਜਾ ਰਿਹਾ ਹੈ । ਇਸ ਸਬੰਧੀ ਪਾਤੜਾਂ ਨਜ਼ਦੀਕ ਪਿੰਡ ਦੁਗਾਲ ਕੋਲੋਂ ਲੰਘਦੀ ਚੰਬੋ ਚੋਅ ’ਚ ਫਸੀ ਬੂਟੀ ਅਤੇ ਹੋਰ ਸਾਮਾਨ ਦੀ ਸਫਾਈ ਨਾ ਹੋਣ ਕਾਰਨ ਵੀ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਸੰਬੰਧੀ ਪਿੰਡ ਦੁਗਾਲ ਦੇ ਮੈਂਬਰ ਪੰਚਾਇਤ ਸਿਕੰਦਰ ਸਿੰਘ ਦੁਗਾਲ, ਲਾਡੀ ਦੁਗਾਲ, ਜਗਸੀਰ ਸਿੰਘ, ਸੁਖਜਿੰਦਰ ਸਿੰਘ, ਗਗਨ ਸੰਧੂ, ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਪਰ ਪਾਤੜਾਂ ਨਜ਼ਦੀਕ ਲੰਘਦੀ ਝੰਬੋ ਚੋਅ ਡਰੇਨ ਵਿੱਚ ਅਜੇ ਵੀ ਜਲ ਬੂਟੀ ਫਸੀ ਹੋਈ ਹੈ, ਜਿਸ ਨਾਲ ਭਾਰੀ ਬਰਸਾਤ ਪੈਣ ਕਾਰਨ ਹੜ੍ਹਾਂ ਦਾ ਦਰ ਬਣਿਆ ਹੋਇਆ ਹੈ । ਉਕਤ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਦੀ ਸਫਾਈ ਨਹੀਂ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਇੱਥੇ ਹੜ੍ਹ ਆਉਣ ਕਾਰਨ ਫਸਲਾਂ ਦਾ ਵੱਡੀ ਪੱਧਰ ਉਤੇ ਨੁਕਸਾਨ ਹੋਇਆ ਸੀ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਰਕਾਰ ਵਲੋਂ ਇਕ ਪ੍ਰਾਈਵੇਟ ਕੰਪਨੀ ਕੋਲੋਂ ਸਫਾਈ ਦਾ ਕੰਮ ਕਰਵਾਇਆ ਗਿਆ ਸੀ, ਜਿਸ ਨੇ ਸਮੇਂ’ਤੇ ਇਸ ਚੰਬੋ ਚੋਅ ਦੇ ਪੁਲਾਂ ਹੇਠੋਂ ਜਲ ਬੂਟੀ ਦੀ ਸਫਾਈ ਕੀਤੀ ਸੀ ਜਿਸ ਕਾਰਨ ਬਰਸਾਤਾਂ ਦੌਰਾਨ ਆਏ ਪਾਣੀ ਕਾਰਨ ਇਸ ਇਲਾਕੇ ਦਾ ਜਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਸੀ ਪਰ ਇਸ ਵਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਾ ਕਿਸੇ ਪ੍ਰਾਈਵੇਟ ਕੰਪਨੀਆਂ ਅਤੇ ਨਾ ਹੀ ਖੁਦ ਇੱਥੇ ਸਫਾਈ ਕਰਵਾਈ ਗਈ ਹੈ ਜਿਸ ਕਾਰਨ ਆਲੇ ਦੁਆਲੇ ਦੇ ਕਿਸਾਨਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੰਬੋ ਚੋਅ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਚੰਬੋ ਚੋਅ ਅਤੇ ਹੋਰ ਬਰਸਾਤੀ ਨਾਲਿਆਂ ਦੀ ਸਫਾਈ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਸੀਜ਼ਨ ਵਿਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚ ਸਕੇ । ਇਸ ਸੰਬੰਧੀ ਡਰੇਨੇਜ ਵਿਭਾਗ ਦੇ ਐਸ.ਡੀ.ਓ. ਗੁਲਸ਼ਨ ਠੁਕਰਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਵਾਰ ਕਿਸੇ ਪ੍ਰਾਈਵੇਟ ਕੰਪਨੀ ਕੋਲੋਂ ਸਫਾਈ ਦਾ ਕੰਮ ਕਰਾਉਣ ਦੀ ਬਜਾਏ ਵਿਭਾਗ ਵੱਲੋਂ ਖੁਦ ਹੀ ਮਸ਼ੀਨਾਂ ਲਗਾ ਕੇ ਸਫਾਈ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇੱਕ ਮਸ਼ੀਨ ਸਮਾਣੇ ਤੋਂ ਪਾਤੜਾਂ ਵੱਲ ਅਤੇ ਦੂਸਰੀ ਮਸ਼ੀਨ ਖਾਨੇਵਾਲ ਤੋਂ ਪਾਤੜਾਂ ਵੱਲ ਸਫਾਈ ਕਰ ਰਹੀ ਹੈ ਜੋ ਕਿ ਜਲਦ ਹੀ ਪਾਤੜ ਦੇ ਆਲੇ ਦੁਆਲੇ ਚੰਬੋ ਚੋਅ ਅਤੇ ਨਹਿਰੀ ਨਾਲਿਆਂ ਦੀ ਸਫਾਈ ਕਰ ਦਿੱਤੀ ਜਾਵੇਗੀ।