ਪਟਿਆਲਾ, 2 ਜੁਲਾਈ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ, ਸੁਚੱਜਾ ਅਤੇ ਨਿਯਮਾਂ ਅਨੁਸਾਰ ਵਿਕਸਤ ਬਣਾਉਣ ਦੇ ਉਦੇਸ਼ ਨਾਲ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼ਹਿਰ ਵਿਚ ਚੱਲ ਰਹੀਆਂ ਸਫ਼ਾਈ ਅਤੇ ਨਗਰ ਨਿਗਮ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਦੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਾਟਰ ਸਪਲਾਈ ਦੇ ਗੈਰ-ਕਾਨੂੰਨੀ ਜਾਂ ਨਿਯਮਾਂ ਦੇ ਉਲਟ ਕਨੈਕਸ਼ਨ ਲਏ ਹੋਏ ਹਨ, ਉਹ ਤੁਰੰਤ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਠੀਕ ਕਰਵਾਉਣ। ਇਸ ਤੋਂ ਇਲਾਵਾ ਸਰਕਾਰੀ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਡੀਫੇਸਮੈਂਟ, ਜਿਵੇਂ ਕਿ ਕੰਧਾਂ ’ਤੇ ਪੋਸਟਰ, ਲਿਖਾਈ ਜਾਂ ਹੋਰ ਗੈਰ-ਕਾਨੂੰਨੀ ਪ੍ਰਚਾਰ ਸਮੱਗਰੀ, ਨੂੰ ਵੀ ਤੁਰੰਤ ਹਟਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲੋਕਾਂ ਲਈ ਆਖਰੀ ਮੌਕਾ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਉਕਤ ਖਾਮੀਆਂ ਦੂਰ ਨਾ ਕੀਤੀਆਂ ਗਈਆਂ ਤਾਂ ਨਗਰ ਨਿਗਮ ਵਲੋਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।