ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਸਾਡੇ ਆਲੇ ਦੁਆਲੇ ਖੁੱਲ੍ਹੇ ਛੱਡੇ ਗਏ ਬੋਰਵੈਲਾਂ ਜਾਂ ਮੌਤ ਦੇ ਖੂਹਾਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਬੋਰਵੈਲ ਖ਼ਰਾਬ ਹੋਣ ਦੀ ਚੱਲ ਰਹੀ ਹਨੇਰੀ ਕਾਰਨ ਦਰਜਨਾਂ ਹੀ ਘਰਾਂ ਦੇ ਚਿਰਾਗ਼ ਸਾਡੀ ਅਣਗਹਿਲੀ ਕਾਰਨ ਬੁੱਝ ਗਏ ਹਨ ਅਤੇ ਕਿੰਨੀਆਂ ਹੀ ਮਾਵਾਂ ਦੀ ਗੋਦ ਸੁੰਨੀ ਹੋ ਗਈ ਹੈ, ਇਹ ਸਿਰਫ ਇਤਫ਼ਾਕੀਆ ਹਾਦਸੇ ਨਹੀਂ ਹਨ ਬਲਕਿ ਸਾਡੀ ਅਣਗਹਿਲੀ ਦੇ ਚੱਲਦਿਆਂ ਕੀਤੇ ਜਾ ਰਹੇ ਸਿੱਧੇ ਕਤਲ ਹਨ । ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕਾਗ਼ਜ਼ਾਂ ਵਿਚ ਤਾਂ ਵੱਡੀਆਂ-ਵੱਡੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਅਣਗਹਿਲੀ ਅਤੇ ਸਿਸਟਮ ਦੀ ਸੁਸਤੀ ਦਾ ਖ਼ਮਿਆਜ਼ਾ ਅੱਜ ਵੀ ਮਾਸੂਮ ਜਿੰਦੜੀਆਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ । ਜਾਣਕਾਰੀ ਮੁਤਾਬਿਕ ਥੋੜੇ ਜਿਹੇ ਦਿਨਾਂ ਤੋਂ ਬਾਅਦ ਖੁੱਲ੍ਹੇ ਪਏ ਬੋਰਵੈਲ ਜਿਸ ’ਤੇ ਸਾਡੀ ਅਣਗਹਿਲੀ ਦੀ ਮੋਹਰ ਲੱਗੀ ਹੁੰਦੀ ਹੈ, ਇਨ੍ਹਾਂ ਵਿਚ ਡਿਗ ਕੇ ਮਾਸੂਮ ਬੱਚਿਆਂ ਦੀਆਂ ਹੋ ਰਹੀਆਂ ਦਰਦਨਾਕ ਮੌਤਾਂ ਕਾਰਨ ਪੂਰਾ ਸਮਾਜ ਝੰਜੋੜਿਆ ਜਾਂਦਾ ਹੈ । ਪ੍ਰਸ਼ਾਸਨ ਅਤੇ ਸਰਕਾਰ ਵਲੋਂ ਵਾਰ-ਵਾਰ ਜਾਰੀ ਕੀਤੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਜ਼ਮੀਨ ਮਾਲਕਾਂ ਅਤੇ ਆਮ ਲੋਕਾਂ ਵਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਕਈ ਕੀਮਤੀ ਜਾਨਾਂ ਅਜਾਈ ਚਲੀਆਂ ਗਈਆਂ ਹਨ । ਲੋਕਾਂ ਦੀ ਇਸ ਨਾਕਾਮੀਆਂ ਭਰੀ ਲਾਪਰਵਾਹੀ ਦਾ ਖ਼ਮਿਆਜ਼ਾ ਉਨ੍ਹਾਂ ਮਾਸੂਮ ਜਿੰਦੜੀਆਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ । ਇਹ ਬੇਹੱਦ ਅਫ਼ਸੋਸਨਾਕ ਅਤੇ ਚਿੰਤਾਜਨਕ ਪਹਿਲੂ ਹੈ ਕਿ ਜਦੋਂ ਕੋਈ ਬੋਰਵੈਲ ਸੁੱਕ ਜਾਂਦਾ ਹੈ ਜਾਂ ਵਰਤੋਂ ਵਿਚ ਨਹੀਂ ਰਹਿੰਦਾ ਤਾਂ ਜ਼ਮੀਨ ਮਾਲਕ ਉਸ ਨੂੰ ਮਿੱਟੀ ਜਾਂ ਇੱਟਾਂ ਬਜਰੀ ਨਾਲ ਪੱਕੇ ਤੌਰ ’ਤੇ ਭਰਨ ਦੀ ਬਜਾਏ ਉਸ ਨੂੰ ਮਾੜੀ ਜਿਹੀ ਪਾਟੀ ਪੁਰਾਣੀ ਬੋਰੀ, ਪਰਾਲੀ ਜਾਂ ਹੋਰ ਮਾਮੂਲੀ ਢੰਗ ਤਰੀਕੇ ਵਰਤ ਕੇ ਬੰਦ ਕਰਨ ਦੀ ਜ਼ਿੰਮੇਵਾਰੀ ਪੂਰ ਕਰ ਦਿੰਦੇ ਹਨ ਪਰ ਇਹ ਸਾਡੀ ਖ਼ੂਨੀ ਅਣਗਹਿਲੀ ਕਈ ਵਾਰ ਹੱਸਦੇ ਵੱਸਦੇ ਘਰਾਂ ਦੀਆਂ ਖ਼ੁਸ਼ੀਆਂ ਖੋਹ ਕੇ ਉਨ੍ਹਾਂ ਦੇ ਝੋਲੀ ਵਿਚ ਸਦਾ ਲਈ ਹੌਕੇ ਅਤੇ ਹੰਝੂ ਪਾ ਦਿੰਦੀ ਹੈ। ਖੇਤਾਂ ਵਿਚ ਖੇਡਦੇ ਮਾਸੂਮ ਅਣਜਾਣਪੁਣੇ ਵਿਚ ਇਨ੍ਹਾਂ ਖ਼ੂਨੀ ਖੂਹਾਂ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਕਈ-ਕਈ ਦਿਨ ਤੱਕ ਧਰਤੀ ਦੇ ਸੈਂਕੜੇ ਫੁੱਟ ਹੇਠਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ-ਲੜਦੇ ਆਖ਼ਰ ਦਮ ਤੋੜ ਦਿੰਦੇ ਹਨ । ਇਸ ਵਿਚ ਸਿੱਧੇ ਤੌਰ ’ਤੇ ਉਨ੍ਹਾਂ ਦਾ ਕਸੂਰ ਹੈ ਜਿਹੜੇ ਆਪਣੇ ਖੇਤਾਂ ਵਿਚ ਖੁੱਲ੍ਹੇ ਬੋਰਵੈਲ ਛੱਡ ਦਿੰਦੇ ਹਨ । ਇਸ ਲਈ ਪ੍ਰਸ਼ਾਸਨ ਵਲੋਂ ਖੁੱਲ੍ਹੇ ਬੋਰਵੈਲ ਮੁਕਤ ਮੁਹਿੰਮ ਚਲਾਈ ਜਾਵੇ । ਪਿੰਡਾਂ ਦੇ ਸਰਪੰਚਾਂ ਅਤੇ ਬੀ.ਡੀ.ਪੀ.ਓ. ਨੂੰ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਾਉਣੇ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ । ਇਸ ਦੇ ਨਾਲ ਹੀ ਸਰਕਾਰ ਨੂੰ ਇਕ ਹੈਲਪਲਾਈਨ ਜਾਰੀ ਕਰਨੀ ਚਾਹੀਦਾ ਹੈ ਜਿੱਥੇ ਕੋਈ ਵੀ ਨਾਗਰਿਕ ਖੁੱਲ੍ਹੇ ਬੋਰਵੈਲ ਦੀ ਸੂਚਨਾ ਗੁਪਤ ਤੌਰ ’ਤੇ ਦੇ ਸਕੇ ਅਤੇ ਪ੍ਰਸ਼ਾਸਨ ਉਸ ਖੁੱਲ੍ਹੇ ਪਏ ਬੋਰਵੈਲ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਬੰਦ ਕਰਵਾਏ। ਜਦੋਂ ਕੋਈ ਵੀ ਮਾਸੂਮ ਬੱਚਾ ਖੇਡਦਾ-ਖੇਡਦਾ ਇਸ ਅਣਦੇਖੇ ਜਾਲ ਵਿਚ ਫਸ ਕੇ ਸੈਂਕੜੇ ਫੁੱਟ ਡੂੰਘੇ ਹਨੇਰੇ ਖੂਹ ਵਿਚ ਡਿਗਦਾ ਹੈ ਤਾਂ ਉਸ ਪਰਿਵਾਰ ’ਤੇ ਦੁੱਖਾਂ ਦਾ ਜੋ ਪਹਾੜ ਟੁੱਟਦਾ ਹੈ ਉਸ ਦਾ ਅੰਦਾਜਾ ਕੋਈ ਨਹੀਂ ਲਗਾ ਸਕਦਾ । ਕਈ ਦਿਨ ਚੱਲਣ ਵਾਲੇ ਰਾਹਤ ਕਾਰਜ ਤੋਂ ਬਾਅਦ ਅਕਸਰ ਹੀ ਮਾਸੂਮ ਦੀ ਲਾਸ਼ ਬਾਹਰ ਆਉਂਦੀ ਹੈ ਤਾਂ ਉਹ ਸਿਰਫ ਇਕ ਘਰ ਦਾ ਚਿਰਾਗ਼ ਨਹੀਂ ਬੁਝਦਾ ਬਲਕਿ ਪੂਰੇ ਸਮਾਜ ਦਾ ਕਤਲ ਹੁੰਦਾ ਹੈ। ਖੁੱਲ੍ਹੇ ਬੋਰਵੈਲ ਦੀ ਖ਼ੂਨੀ ਹਨੇਰੀ ਨੂੰ ਰੋਕਣ ਲਈ ਸਾਨੂੰ ਸਰਕਾਰੀ ਮਸ਼ੀਨਰੀ ਦੇ ਭਰੋਸੇ ਬੈਠਣ ਦੀ ਬਜਾਏ ਖ਼ੁਦ ਜਾਗਣਾ ਪਵੇਗਾ ਅਤੇ ਆਪ ਹੀ ਹੰਭਲਾ ਮਾਰਨ ਦੀ ਲੋੜ ਹੈ ।