ਪਟਿਆਲਾ, 2 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਯੂਥ ਕਾਂਗਰਸ ਦੇ ਨਵ-ਨਿਯੁਕਤ ਸੀਨੀਅਰ ਵਾਈਸ ਪ੍ਰਧਾਨ ਗਗਨਦੀਪ ਸਿੰਘ ਜੌਲੀ ਜਲਾਲਪੁਰ ਆਪਣੇ ਸਾਥੀਆਂ ਸਮੇਤ ਸੰਜੀਵ ਸ਼ਰਮਾ ਕਾਲੂ ਦੀ ਰਿਹਾਇਸ਼ ’ਤੇ ਪਹੁੰਚੇ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗਗਨਦੀਪ ਸਿੰਘ ਜੌਲੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੀ ਲੀਡਰਸ਼ਿਪ ਵਲੋਂ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੂੰ ਸੀਨੀਅਰ ਵਾਈਸ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ, ਪਾਰਟੀ ਪ੍ਰਤੀ ਸਮਰਪਣ ਅਤੇ ਨੌਜਵਾਨਾਂ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਜੌਲੀ ਹਮੇਸ਼ਾ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਸਰਗਰਮ ਰਹੇ ਹਨ ਅਤੇ ਹਰ ਵਰਗ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਦੀ ਯੋਗਤਾ ਅਤੇ ਮਿਹਨਤ ਨੂੰ ਮਾਣ ਦਿੰਦੀ ਆਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਗਗਨਦੀਪ ਸਿੰਘ ਜੌਲੀ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪੰਜਾਬ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ, ਸੰਗਠਨ ਦਾ ਵਿਸਥਾਰ ਕਰਨ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਸੰਜੀਵ ਸ਼ਰਮਾ ਕਾਲੂ ਅਤੇ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਨੇ ਜੋ ਭਰੋਸਾ ਉਨ੍ਹਾਂ ’ਤੇ ਜਤਾਇਆ ਹੈ, ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉੱਤਰਨ ਦਾ ਯਤਨ ਕਰਨਗੇ। ਸੰਜੀਵ ਸ਼ਰਮਾ ਕਾਲੂ ਨੇ ਇੱਕ ਵਾਰ ਫਿਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਦੀ ਅਗਵਾਈ ’ਚ ਪੰਜਾਬ ਯੂਥ ਕਾਂਗਰਸ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ। ਇਸ ਮੌਕੇ ਯੂਥ ਕਾਂਗਰਸ ਮੀਤ ਪ੍ਰਧਾਨ ਮਾਧਵ ਸਿੰਗਲਾ, ਹਲਕਾ ਪ੍ਰਧਾਨ ਰਿਦਮ ਸ਼ਰਮਾ, ਸ਼ਹਿਰੀ ਹਲਕਾ ਪ੍ਰਧਾਨ ਅਭਿਨਵ ਸ਼ਰਮਾ, ਸਾਬਕਾ ਕੌਂਸਲਰ ਅਮਰਪ੍ਰੀਤ ਸਿੰਘ ਬੌਬੀ, ਐਡਵੋਕੇਟ ਸੇਵਕ ਸਿੰਘ ਝਿੱਲ, ਭੁਬੇਸ਼ ਤਿਵਾੜੀ, ਬਲਾਕ ਪ੍ਰਧਾਨ ਹੇਮੰਤ ਪਾਠਕ, ਪਰਵੀਨ ਰਾਵਤ, ਜਰਨੈਲ ਸੈਕਟਰੀ , ਰਵੀ ਮੱਟੂ , ਸੁੱਚਾ ਸਿੰਘ ਅਤੇ ਸਨੀ ਬੰਗਾ, ਕਰਿਸਨ ਸਿੰਗਲਾ, ਮਨੁ ਧਾਲੀਵਾਲ, ਗੌਰਵ ਸੂਦ, ਜਸਬੰਤ ਸਿੰਘ, ਰੋਹਿਤ ਸ਼ਰਮਾ, ਵਿਸ਼ਾਲ ਸ਼ਰਮਾ, ਸਾਹਿਲ ਧੀਮਾਨ, ਵਿਵੇਕ ਸ਼ਰਮਾ ਅਤੇ ਇਮਰਾਨ ਖਾਨ ਆਦਿ ਹਾਜ਼ਰ ਰਹੇ।