ਨਾਭਾ, 3 ਜੁਲਾਈ (ਵਰਿੰਦਰ ਵਰਮਾ)-ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੀ ਆਰਥਿਕ ਮਜਬੂਤੀ ਅਤੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ “ਮਾਵਾਂ-ਧੀਆਂ ਸਤਿਕਾਰ ਯੋਜਨਾ” ਦੀ ਸ਼ੁਰੂਆਤ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਯੋਜਨਾ ਤਹਿਤ ਪੰਜਾਬ ਭਰ ਵਿੱਚ ਮਹਿਲਾਵਾਂ ਦੇ ਖਾਤਿਆਂ ਵਿਚ 3000 ਤੋਂ 4500 ਤੱਕ ਦੀ ਰਕਮ ਆਉਣੀ ਸ਼ੁਰੂ ਹੋ ਗਈ, ਜਿਸ ਨਾਲ ਮਹਿਲਾਵਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ, ਸਾਬਕਾ ਚੇਅਰਮੈਨ ਦੀਪਾ ਰਾਮਗੜ੍ਹ, ਟਰੱਕ ਯੂਨੀਅਨ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਂਕੀ ਅਤੇ ਵਾਰਡ ਨੰਬਰ 18 ਕੌਂਸਲਰ ਉੱਧਮ ਦੀਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਯੋਜਨਾ ਸਿਰਫ ਇੱਕ ਆਰਥਿਕ ਮਦਦ ਨਹੀਂ, ਸਗੋਂ ਪੰਜਾਬ ਦੀਆਂ ਮਾਵਾਂ-ਧੀਆਂ ਦੇ ਸਤਿਕਾਰ ਅਤੇ ਹੱਕਾਂ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹਮੇਸ਼ਾ ਲੋਕ-ਭਲਾਈ ਯੋਜਨਾ ਵੀ ਉਸੇ ਸੋਚ ਦਾ ਨਤੀਜਾ ਹੈ। ਪੂਰੇ ਪੰਜਾਬ ਵਿਚ ਇਸ ਯੋਜਨਾ ਦੀ ਸ਼ੁਰੂਆਤ ਮੌਕੇ ਕਰਵਾਏ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ-ਭੈਣਾਂ ਨੇ ਸ਼ਮੂਲੀਅਤ ਕੀਤੀ ਹੈ। ਮਹਿਲਾਵਾਂ ਨੇ ਆਪਣੇ ਮੋਬਾਈਲ ਫੋਨਾਂ ‘ਤੇ ਆ ਰਹੀ “ਟੁੱ ਟੁੱ” ਦੀ ਆਵਾਜ ਨਾਲ ਖਾਤਿਆਂ ਵਿੱਚ ਆਈ ਰਕਮ ਦੀ ਪੁਸ਼ਟੀ ਕਰਦਿਆਂ ਖੁਸ਼ੀ ਜਤਾਈ ਅਤੇ ਪੰਜਾਬ ਦੀ ਮਾਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਗਮਾਂ ਦੌਰਾਨ ਮਾਵਾਂ-ਭੈਣਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਜੀਵਨ ਵਿਚ ਸਹਾਇਕ ਸਾਬਤ ਹੋਵੇਗਾ। ਉਨ੍ਹਾਂ ਨਾਲ ਹੀ 2027 ਵਿੱਚ ਮੁੜ ਤੋਂ ਭਗਵੰਤ ਮਾਨ ਸਰਕਾਰ ਬਣਾਉਣ ਲਈ ਆਪਣਾ ਸਮਰਥਨ ਅਤੇ ਭਰੋਸਾ ਵੀ ਜਤਾਇਆ।