ਪਟਿਆਲਾ, 4 ਜੁਲਾਈ(ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਚ ਆਰਥੋਪੈਡਿਕ ਇਲਾਜ ਲਈ ਅਤਿ ਆਧੁਨਿਕ ਰੋਬੋਟਿਕ-ਅਸਿਸਟਡ ਸਰਜਰੀ ਤਕਨਾਲੋਜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਟਲੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਆਧੁਨਿਕ, ਗੁਣਵੱਤਾ-ਯੁਕਤ ਅਤੇ ਕਿਫਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿਚ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ ਅਤੇ ਰੋਬੋਟਿਕ-ਅਸਿਸਟਡ ਸਰਜਰੀ ਇਸ ਦਿਸ਼ਾ ਵਿੱਚ ਇੱਕ ਵੱਡੀ ਉਪਲੱਬਧੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਰੋਬੋਟਿਕ ਤਕਨਾਲੋਜੀ ਦੀ ਮਦਦ ਨਾਲ ਕੀਤੀਆਂ ਜਾਣ ਵਾਲੀਆਂ ਆਰਥੋਪੈਡਿਕ ਸਰਜਰੀਆਂ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ, ਸੁਰੱਖਿਆ ਅਤੇ ਸਫਲਤਾ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਤਕਨਾਲੋਜੀ ਨਾਲ ਮਰੀਜ਼ ਨੂੰ ਆਪਰੇਸ਼ਨ ਤੋਂ ਬਾਅਦ ਦਰਦ ਵੀ ਘੱਟ ਰਹਿੰਦਾ ਹੈ। ਇਸ ਦੇ ਨਾਲ ਹੀ ਮਰੀਜ਼ ਦੀ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ, ਜਿਸ ਕਾਰਨ ਉਹ ਆਮ ਜ਼ਿੰਦਗੀ ਵੱਲ ਜਲਦੀ ਵਾਪਸੀ ਕਰ ਸਕਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਰੋਬੋਟਿਕ ਸਰਜਰੀ ਬਹੁਤ ਮਹਿੰਗੀ ਹੁੰਦੀ ਹੈ, ਪਰ ਇਹ ਲਾਜ਼ਮੀ ਨਹੀਂ। ਇਸ ਤਕਨਾਲੋਜੀ ਦਾ ਉਦੇਸ਼ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਤੇਜ਼ ਸਿਹਤਯਾਬੀ ਪ੍ਰਦਾਨ ਕਰਨਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਸ਼ੈਲੀ ਜੇਟਲੀ ਨੇ ਕਿਹਾ ਕਿ ਰੋਬੋਟਿਕ-ਅਸਿਸਟਡ ਸਰਜਰੀ ਤਕਨਾਲੋਜੀ ਸਿਹਤ ਖੇਤਰ ’ਚ ਇੱਕ ਨਵਾਂ ਅਧਿਆਇ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਸਿਹਤ ਮੰਤਰੀ ਵਲੋਂ ਪਟਿਆਲਾ ’ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਸ਼ੁਰੂਆਤ ਰੋਬੋਟਿਕ ਸਰਜਰੀ ਨਾਲ ਇਲਾਜ ਹੋਵੇਗਾ ਹੋਰ ਸੁਰੱਖਿਅਤ: ਡਾ. ਬਲਬੀਰ ਸਿੰਘ
ਅਜੀਤ ਡੈਸਕ
05-07-2026