ਪਟਿਆਲਾ, 9 ਜੁਲਾਈ (ਅ.ਸ. ਆਹਲੂਵਾਲੀਆ)-ਸੂਬੇ ਦੇ ਲੋਕਾਂ ਨੂੰ ਸੜਕਾਂ ਉੱਤੇ ਸੁਰੱਖਿਅਤ ਚੱਲਣ, ਘਰਾਂ ਵਿਚ ਸੁਰੱਖਿਅਤ ਰਹਿਣ ਤੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲਿਆਂ ’ਤੇ ਨੱਥ ਪਾਉਣ ਲਈ ਸਰਕਾਰ ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਮੁਹਿੰਮ ਵਿੱਢੀ ਸੀ। ਇਹ ਮੁਹਿੰਮ ਆਮ ਆਦਮੀ ਪਾਰਟੀ ਦੇ ਦਿੱਲੀ ਵਿਚਲੇ ਕਾਰਜਕਾਲ ਦੀ ਤਰਜ਼ ’ਤੇ ਕੀਤੀ ਗਈ ਸੀ। ਇਸੇ ਕੜੀ ਤਹਿਤ ਪਟਿਆਲਾ ਵਿਚ ਵੀ ਚੌਂਕਾਂ ਦੇ ਨਾਲ-ਨਾਲ ਖ਼ਾਸ ਥਾਵਾਂ ’ਤੇ ਵੱਡੇ ਛੋਟੇ ਕੈਮਰੇ ਲਗਾਏ ਗਏ ਹਨ। ਵੈਸੇ ਸ਼ਹਿਰ ਵਿਚਲੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਝਪਟਮਾਰਾਂ ਤੋਂ ਲੈ ਕੇ, ਚੋਰੀ ਕਰਨ ਵਾਲਿਆਂ ਦੇ ਹੌਸਲਿਆਂ ਵਧਦੀਆਂ ਵਾਰਦਾਤਾਂ ਕਾਰਨ ਬੁਲੰਦ ਲੱਗ ਰਹੇ ਹਨ। ਦੂਜੇ ਪਾਸੇ 200 ਦੇ ਕਰੀਬ ਥਾਵਾਂ ’ਤੇ ਲੱਗੇ ਕੈਮਰਿਆਂ ਵਿਚੋਂ ਜ਼ਿਆਦਾਤਰ ਦੇ ਬੰਦ ਪਏ ਹੋਣ ਕਾਰਨ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਪਈ ਹੈ। ਕੈਮਰੇ ਸੁਚਾਰੂ ਢੰਗ ਨਾਲ ਚੱਲਦੇ ਰਹਿਣ ਲਈ ਜ਼ਿੰਮੇਵਾਰੀ ਨਗਰ ਨਿਗਮ ਹਵਾਲੇ ਕੀਤੀ ਗਈ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਵਾਰਦਾਤਾਂ ਹੋਣ ਦਾ ਕਾਰਨ ਸਿੱਧੇ ਤੌਰ ’ਤੇ ਨਗਰ ਨਿਗਮ ਨੂੰ ਹੀ ਠਹਿਰਾ ਦਿੱਤਾ ਜਾਵੇ। ਨਿਗਮ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਇਸ ਲਈ ਅਧਿਕਾਰੀਆਂ ਨੂੰ ਜਲਦੀ ਕਾਗ਼ਜ਼ੀ ਕਾਰਵਾਈ ਕਰ ਕੈਮਰੇ ਚਲੰਤ ਅਵਸਥਾ ਵਿਚ ਕਰਨ ਲਈ ਕਿਹਾ ਜਾਵੇਗਾ। ਕੁਝ ਸਮਾਂ ਪਹਿਲਾਂ ਸ਼ਹਿਰ ਦੇ ਹਰ ਚੌਕ ’ਚ ਲਗਾਏ ਜਾ ਰਹੇ ਵੱਡੇ ਕੈਮਰਿਆਂ ਕਾਰਨ ਲੋਕਾਂ ਵਲੋਂ ਜਿੱਥੇ ਜ਼ੈਬਰਾ ਕਰਾਸਿੰਗ ਨੂੰ ਵੀ ਪਾਰ ਕਰਨ ਲੱਗਿਆਂ ਹਿਚਕਚਾਹਟ ਪੈਦਾ ਹੋ ਗਈ ਸੀ ਉੱਥੇ ਨਾਗਰਿਕ ਸਰਕਾਰ ਦੇ ਇਸ ਉੱਦਮ ਨੂੰ ਸਲਾਹੁਣ ਵੀ ਲੱਗ ਪਏ ਸਨ।