ਸਨੌਰ, 26 ਜੁਲਾਈ (ਸੋਖਲ)-ਪਟਿਆਲਾ-ਸਨੌਰ ਰੋਡ ਸਥਿਤ ਸੰਤ ਹਜ਼ਾਰਾਂ ਸਿੰਘ ਨਗਰ ’ਚ ਕੁੱਝ ਦਿਨ ਪਹਿਲਾਂ ਬਜ਼ੁਰਗ ਜੋਗਿੰਦਰ ਸਿੰਘ ਤੇ ਉਨ੍ਹਾਂ ਦੀ ਸਵ. ਪਤਨੀ ਸੁਰਜੀਤ ਕੌਰ ਦੇ ਘਰ ’ਤੇ ਤਰਵਿੰਦਰ ਸ਼ਰਮਾ ਉਸ ਦੇ ਪਰਿਵਾਰ ਵਲੋਂ ਆ ਕੇ 20 ਤੋਂ 25 ਦੇ ਕਰੀਬ ਨਿਹੰਗ ਸਿੰਘਾਂ ਨਾਲ ਕਥਿਤ ਤੌਰ ’ਤੇ ਕਬਜ਼ਾ ਕਰਨ ਅਤੇ ਪਰਿਵਾਰ ਨਾਲ ਮਾਰਕੁੱਟ ਕਰਨ ਦੇ ਮਾਮਲੇ ’ਚ ਜੋਗਿੰਦਰ ਸਿੰਘ ਦੇ ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਆਖਿਆ ਹੈ ਕਿ ਪੁਲਿਸ ਦੀ ਢਿੱਲਮੱਠ ਕਾਰਨ ਅੱਜ ਵੀ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਦੋਸ਼ੀ ਸ਼ਰੇਆਮ ਖੁੱਲ੍ਹੇ ਫਿਰ ਰਹੇ ਹਨ। ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਨੂੰ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਦੋਸ਼ੀ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪੀੜਤ ਪਰਿਵਾਰ ਦੀਆਂ ਮੈਂਬਰਾਂ ਰੁਪਿੰਦਰ ਕੌਰ ਤੇ ਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਥਾਣਾ ਸਨੌਰ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਵਾਰ-ਵਾਰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਕੇਸ ਤਾਂ ਦਰਜ ਜ਼ਰੂਰ ਕੀਤਾ ਗਿਆ ਪਰ ਉਸ ’ਚ ਜਾਨੋਂ ਮਾਰਨ ਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਦੋਸ਼ੀ ਹੁਣ ਉਨ੍ਹਾਂ ਨੂੰ ਧਮਕਾ ਰਹੇ ਹਨ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਜੋਗਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਕੁੱਝ ਖਾ ਪੀ ਵੀ ਨਹੀਂ ਰਹੇ ਹਨ ਉਹ ਸਿਰਫ਼ ਲਿਕਵਡ ਹੀ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਜਬਾੜਾ ਤੋੜ ਦਿੱਤਾ ਗਿਆ ਸੀ।