ਭੁੱਨਰਹੇੜੀ, 26 ਜੁਲਾਈ (ਧਨਵੰਤ ਸਿੰਘ)-ਹਲਕਾ ਸਨੌਰ ਦੇ ਲੋਕਾਂ ਲਈ ਵਿਕਾਸ ਸੰਬੰਧੀ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਰੰਗਲਾ ਪੰਜਾਬ’ ਸਕੀਮ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਲਈ ਲਗਪਗ 6 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਹ ਰਕਮ ਆਉਣ ਵਾਲੇ ਕੁਝ ਦਿਨਾਂ ਵਿਚ ਤਕਸੀਮ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਸਿਰਫ਼ ਇਕ ਰਕਮ ਨਹੀਂ, ਸਗੋਂ ਹਲਕੇ ਦੀ ਸਮੂਹਿਕ ਤਰੱਕੀ ਲਈ ਇਕ ਮਜ਼ਬੂਤ ਕੜੀ ਸਾਬਤ ਹੋਵੇਗੀ, ਜਿਸ ਨਾਲ ਸਨੌਰ ਦੀ ਨੁਹਾਰ ਬਦਲੇਗੀ। ਹਡਾਣਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ 6 ਕਰੋੜ ਰੁਪਏ ਦੀ ਗ੍ਰਾਂਟ ਪੂਰੀ ਪਾਰਦਰਸ਼ਤਾ ਨਾਲ ਵਰਤੀ ਜਾਵੇਗੀ।