ਨਾਭਾ, 29 ਜੁਲਾਈ (ਜਗਨਾਰ ਸਿੰਘ ਦੁਲੱਦੀ)- ਨਾਭਾ ਹਲਕੇ ਦੇ ਪਿੰਡ ਦੀ ਮੈਹਸ ਦੀ ਹਰਜਿੰਦਰ ਕੌਰ ਵਲੋਂ ਸਕਾਟਲੈਂਡ ’ਚ ਕੋਮਨ ਵੈਲਥ ਗੇਮਾਂ ਦੌਰਾਨ ਵੇਟ ਲਿਫਟਿੰਗ ਮੁਕਾਬਲੇ ’ਚ ਚਾਂਦੀ ਦਾ ਤਗਮਾ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਹਰਜਿੰਦਰ ਕੌਰ ਦੇ ਘਰ ਪਰਿਵਾਰ ਦੇ ਨੂੰ ਵਧਾਈਆਂ ਦੇਣ ਦੇ ਲਈ ਪਹੁੰਚੇ ਉਪ ਮੰਡਲ ਮੈਜਿਸਟ੍ਰੇਟ ਅਰਵਿੰਦਰਪਾਲ ਸਿੰਘ ਸੋਮਲ ਦੇ ਵਲੋਂ ਪਟਿਆਲਾ ਦੇ ਡੀ.ਸੀ. ਹਿਮਾਂਸ਼ੂ ਅਗਰਵਾਲ ਦੇ ਨਾਲ ਪਰਿਵਾਰ ਦੀ ਫੋਨ ’ਤੇ ਗੱਲਬਾਤ ਕਰਵਾਈ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਨੇ ਹਰਜਿੰਦਰ ਕੌਰ ਦੀ ਉਲੱਬਧੀ ਲਈ ਵਧਾਈਆਂ ਦਿੱਤੀਆਂ । ਉਪਰੰਤ ਗੱਲਬਾਤ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਏ.ਪੀ. ਸਿੰਘ ਸੋਮਲ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਹਲਕੇ ਦੇ ਪਿੰਡ ਮੈਹਸ ਦੀ ਜੰਮਪਲ ਧੀ ਹਰਜਿੰਦਰ ਕੌਰ ਨੇ ਪੰਜਾਬ ’ਚ ਪਹਿਲਾ ਤਗਮਾ ਹਾਸਿਲ ਕੀਤਾ । ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਹੈ ਕਿ ਜਦੋਂ ਹਰਜਿੰਦਰ ਕੌਰ ਵਿਦੇਸ਼ੀ ਧਰਤੀ ਤੋਂ ਵਾਪਸ ਪੰਜਾਬ ਆਵੇਗੀ ਤਾਂ ਉਸ ਦਾ ਸਵਾਗਤ ਧੂਮ ਧੜੱਕੇ ਨਾਲ ਕੀਤਾ ਜਾਵੇਗਾ । ਹਲਕੇ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਸਕੋਟਲੈਂਡ ਦੇ ਵਿਚ ਹੋਈਆਂ ਕੋਮਨਵੈਲਥ ਗੇਮਾਂ ਦੇ ਵਿੱਚ ਵੇਟ ਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਹਾਸਿਲ ਕਰਕੇ ਭਾਰਤ ਦੇ ਨਾਲ ਨਾਲ ਪੰਜਾਬ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ 2022 ਵਿੱਚ ਬਰਮਿੰਗਮ ਵਿਚ ਹੋਈਆਂ ਕਾਮਨ ਵੈਲਥ ਖੇਡਾਂ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਹਰਜਿੰਦਰ ਕੌਰ ਇਨਕਮ ਟੈਕਸ ਵਿਭਾਗ ਵਿਚ ਬਤੌਰ ਇੰਸਪੈਕਟਰ ਦੀ ਨੌਕਰੀ ਕਰ ਰਹੀ ਹੈ । ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ, ਮਾਤਾ ਕੁਲਦੀਪ ਕੌਰ ਅਤੇ ਭਰਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।