ਪਟਿਆਲਾ, 29 (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਦਿੱਲੀ ਦੀ ਸੰਸਥਾ ਸਵਰਾਂਜਲੀ ਨਾਲ ਮਿਲ ਕੇ ਸ਼ਾਸਤਰੀ ਸੰਗੀਤ ਦੀ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਲਈ ਸੰਗੀਤ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਵਰਣਨਯੋਗ ਹੈ ਕਿ ਸਵਰਾਂਜਲੀ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਸ਼ਾਸਤਰੀ ਸੰਗੀਤ ਅਤੇ ਨ੍ਰਿਤ ਦੇ ਖੇਤਰ ਵਿਚ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਦਾ ਕਾਰਜ ਕਰ ਰਹੀ ਹੈ। ਸਨੀ ਓਬਰਾਏ ਆਰਟਸ ਆਡੀਟੋਰੀਅਮ ਵਿਚ ਕਰਵਾਈ ਬੈਠਕ ਦਾ ਆਰੰਭ ਸੰਗੀਤ ਵਿਭਾਗ ਦੀ ਵਿਦਿਆਰਥਣ ਅੰਤਰਪ੍ਰੀਤ ਕੌਰ ਦੇ ਸ਼ਾਸਤਰੀ ਗਾਇਨ ਨਾਲ ਹੋਇਆ। ਤਬਲੇ ’ਤੇ ਸੰਗਤ ਮਨਮੋਹਨ ਸਿੰਘ ਅਤੇ ਹਰਮੋਨੀਅਮ ’ਤੇ ਯੋਗੇਸ਼ ਗਰਗ ਨੇ ਕੀਤੀ। ਅਗਲੀ ਪੇਸ਼ਕਾਰੀ ਤਬਲਾ ਵਾਦਨ ਦੀ ਤ੍ਰਿਗੁਲਬੰਦੀ ਪੰਡਿਤ ਜੈਦੇਵ, ਪੰਡਿਤ ਮਧੁਰੇਸ਼ ਭੱਟ ਅਤੇ ਪੰਡਿਤ ਸਿਧਾਰਥ ਚੈਟਰਜੀ ਨੇ ਮਿਲ ਕੇ ਪੇਸ਼ ਕੀਤੀ। ਬੈਠਕ ਦੇ ਅੰਤਿਮ ਚਰਣ ’ਚ ਪੰਡਿਤ ਸੁਬ੍ਰਤਾ ਡੇਅ ਅਤੇ ਉਸਤਾਦ ਮੁਜਤਬਾ ਹੁਸੈਨ ਨੇ ਸਿਤਾਰ ਅਤੇ ਬੰਸਰੀ ਦੀ ਜੁਗਲਬੰਦੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਰਾਗ ਰਾਗੇਸ਼ਵਰੀ ਦੀ ਮਨਮੋਹਕ ਪੇਸ਼ਕਾਰੀ ਨੇ ਸੁਰੀਲੇ ਵਾਤਾਵਰਨ ਦੀ ਰਚਨਾ ਕੀਤੀ। ਤਬਲਾ ਸੰਗਤੀ ਪੰਡਿਤ ਸਿਧਾਰਥ ਚੈਟਰਜੀ ਨੇ ਪ੍ਰਦਾਨ ਕੀਤੀ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਮੰਚ ਪ੍ਰਦਾਨ ਕਰਨ ਲਈ ਬਹੁਤ ਸਾਰਥਕ ਹਨ। ਸੰਗੀਤ ਵਿਭਾਗ ਦੇ ਮੁਖੀ ਡਾ. ਜੋਤੀ ਸ਼ਰਮਾ ਨੇ ਕਲਾਕਾਰਾਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸਵਰਾਂਜਲੀ ਸੰਸਥਾ ਦੇ ਸਹਿਯੋਗ ਲਈ ਵਿਸ਼ੇਸ਼ ਸ਼ਲਾਘਾ ਕੀਤੀ। ਪ੍ਰੋਗਰਾਮ ਵਿਚ ਡਾ. ਨਿਵੇਦਿੱਤਾ ਸਿੰਘ, ਡਾ. ਜੀਵਨ ਬਾਲਾ, ਡਾ. ਵਨੀਤਾ,ਅਰੁਣ ਝਾਅ, ਡਾ. ਮਨਮੋਹਨ ਸ਼ਰਮਾ, ਦਿਲਾਲ ਸਿੰਘ ਗਿੱਲ ਆਦਿ ਮੌਜੂਦ ਸਨ।