ਥਾਪਰ ਪੌਲੀਟੈਕਨਿਕ ਕਾਲਜ ਦਾ ‘ਟੈਕ ਉਤਸਵ 2026’ ਉਤਸ਼ਾਹ ਨਾਲ ਹੋਇਆ ਸ਼ੁਰੂ
ਪਟਿਆਲਾ, 23 ਅਕਤੂਬਰ, (ਅ. ਬ.)
ਥ
ਥਾਪਰ ਪੌਲੀਟੈਕਨਿਕ ਕਾਲਜ ਦਾ ‘ਟੈਕ ਉਤਸਵ 2026’ ਦਾ ਇਕ ਦ੍ਰਿਸ਼। ਅਜੀਤ: ਤਸਵੀਰ
24-10-2026
ਪਟਿਆਲਾ, 23 ਅਕਤੂਬਰ, (ਅ. ਬ.)- ਵਿਚਾਰਾਂ, ਨਵੀਨਤਾ ਅਤੇ ਨੌਜਵਾਨ ਸੂਝ-ਬੂਝ ਦਾ ਜਸ਼ਨ, ਥਾਪਰ ਪੌਲੀਟੈਕਨਿਕ ਕਾਲਜ ਪਟਿਆਲਾ ਦਾ ਸਾਲਾਨਾ ‘ਟੈਕ ਉਤਸਵ 2026’, ਉਤਸ਼ਾਹ ਨਾਲ ਸ਼ੁਰੂ ਹੋਇਆ। ਇਸ ਮੌਕੇ ਕਾਲਜ ਕੈਂਪਸ ਤਕਨਾਲੋਜੀ, ਸਿਰਜਣਾਤਮਕਤਾ ਤੇ ਸਿੱਖਿਆ ਦੇ ਇਕ ਜੀਵੰਤ ਕੇਂਦਰ ਵਿਚ ਤਬਦੀਲ ਹੋ ਗਿਆ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਉਤਸਵ ਵਿਚ 130 ਤੋਂ ਵੱਧ ਸੱਦਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ। ਉਨ੍ਹਾਂ ਨੂੰ ਇੱਥੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਅਤਿ-ਆਧੁਨਿਕ ਪ੍ਰੋਜੈਕਟਾਂ ਨੂੰ ਦੇਖਣ, ਉੱਭਰ ਰਹੀਆਂ ਤਕਨਾਲੋਜੀਆਂ ਬਾਰੇ ਜਾਣਨ ਤੇ ਕਈ ਤਰ੍ਹਾਂ ਦੀਆਂ ਵਿੱਦਿਅਕ ਤੇ ਮਨੋਰੰਜਕ ਗਤੀਵਿਧੀਆਂ ਵਿਚ ਹਿੱਸਾ ਲੈਣ ਦਾ ਸ਼ਾਨਦਾਰ ਮੌਕਾ ਮਿਲਿਆ। ਉਦਘਾਟਨੀ ਸਮਾਰੋਹ ਵਿਚ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਡੀਨ ਆਫ਼ ਸਟੂਡੈਂਟ ਅਫੇਅਰਜ਼ ਡਾ. ਮੀਨਾਕਸ਼ੀ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਟੀ. ਆਈ. ਈ. ਟੀ. ਦੇ ਰਜਿਸਟਰਾਰ ਡਾ. ਗੁਰਬਿੰਦਰ ਸਿੰਘ ਤੇ ਟੀ. ਆਈ. ਈ. ਟੀ. ਪਟਿਆਲਾ ਦੇ ਪ੍ਰੋਫੈਸਰ ਡਾ. ਦਵਾਰਿਕਾਨਾਥ ਰਥ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਥਾਪਰ ਪੌਲੀਟੈਕਨਿਕ ਕਾਲਜ ਦੇ ਡਾਇਰੈਕਟਰ, ਨੇੜਲੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ, ਸੀਨੀਅਰ ਫੈਕਲਟੀ ਮੈਂਬਰ ਤੇ ਉੱਘੇ ਸਿੱਖਿਆ ਸ਼ਾਸਤਰੀ ਵੀ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ, ਡਾ. ਮੀਨਾਕਸ਼ੀ ਰਾਣਾ ਨੇ ਉਦਯੋਗ ਤੇ ਸਮਾਜ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਹਾਰਕ ਤੇ ਹੁਨਰ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਥਾਪਰ ਪੌਲੀਟੈਕਨਿਕ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਭਵਿੱਖ ਦੇ ਤਕਨਾਲੋਜਿਸਟਾਂ (ਤਕਨੀਕੀ ਮਾਹਿਰਾਂ) ਨੂੰ ਤਿਆਰ ਕਰਨ ਲਈ ਉਤਸੁਕਤਾ, ਨਵੀਨਤਾ ਤੇ ਤਜਰਬੇ ਰਾਹੀਂ ਸਿੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਖੋਜਣ, ਪ੍ਰਯੋਗ ਕਰਨ ਤੇ ਅਸਲ ਦੁਨੀਆ ਦੀਆਂ ਚੁਣੌਤੀਆਂ ਦੇ ਹੱਲ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਥਾਪਰ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਅੰਕੁਸ਼ ਕਾਂਸਲ ਨੇ ਨੌਜਵਾਨ ਮਨਾਂ ਲਈ ਇਕ ਗਤੀਸ਼ੀਲ ਪਲੇਟਫਾਰਮ ਬਣਾਉਣ ਵਿਚ ਪ੍ਰਬੰਧਕ ਕਮੇਟੀ ਅਤੇ ਫੈਕਲਟੀ ਮੈਂਬਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹੁਨਰ-ਅਧਾਰਤ ਸਿੱਖਿਆ, ਨਵੀਨਤਾ ਤੇ ਵਿਹਾਰਕ ਸਿਖਲਾਈ ਪ੍ਰਤੀ ਕਾਲਜ ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕੀਤਾ, ਕਲਾਸਰੂਮ ਗਿਆਨ ਨੂੰ ਵਿਵਹਾਰਕ ਉਪਯੋਗਾਂ ਵਿਚ ਬਦਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਟੈਕ ਉਤਸਵ 2026 ਦਾ ਮੁੱਖ ਆਕਰਸ਼ਣ ਟੀ.ਪੀ.ਸੀ. ਦੇ ਵਿਦਿਆਰਥੀਆਂ ਦੁਆਰਾ ਕੰਪਿਊਟਰ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਅਪਲਾਈਡ ਸਾਇੰਸਜ਼ ਅਤੇ ਆਰਕੀਟੈਕਚਰਲ ਅਸਿਸਟੈਂਟਸ਼ਿਪ ਵਿੱਚ ਵਿਕਸਤ ਕੀਤੇ 200 ਤੋਂ ਵੱਧ ਵਿਗਿਆਨ ਤੇ ਇੰਜੀਨੀਅਰਿੰਗ ਪ੍ਰੋਜੈਕਟਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ।