ਭਾਸ਼ਾ ਵਿਭਾਗ ਵਲੋਂ ਸਾਹਿਰ ਲੁਧਿਆਣਵੀ ਦੀ ਯਾਦ ’ਚ ਉਰਦੂ ਮੁਸ਼ਾਇਰਾ
ਪਟਿਆਲਾ, 29 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਵਲੋਂ ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਦੀ ਯਾਦ ਵਿਚ ਭਾਸ਼ਾ ਭਵਨ ਵਿਖੇ ‘ਬਜ਼ਮ-ਏ-ਸ਼ਾਇਰੀ’ ਦੇ ਬੈਨਰ ਹੇਠ ਉਰਦੂ ਮੁਸ਼ਾਇਰਾ ਕਰਵਾਇਆ ਗਿਆ। ਇਸ ਦੌਰਾਨ ਦੇਸ਼ ਦੇ ਨਾਮਵਰ ਸ਼ਾਇਰਾਂ ਨੇ ਆਪਣੀਆਂ ਗ਼ਜ਼ਲਾਂ ਤੇ ਸ਼ਿਅਰਾਂ ਰਾਹੀਂ ਸਰੋਤਿਆਂ ਨੂੰ ਉਰਦੂ ਸ਼ਾਇਰੀ ਦੇ ਵੱਖ-ਵੱਖ ਰੰਗਾਂ ਨਾਲ ਜੋੜਿਆ।
ਪਟਿਆਲਾ, 29 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਵਲੋਂ ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਦੀ ਯਾਦ ਵਿਚ ਭਾਸ਼ਾ ਭਵਨ ਵਿਖੇ ‘ਬਜ਼ਮ-ਏ-ਸ਼ਾਇਰੀ’ ਦੇ ਬੈਨਰ ਹੇਠ ਉਰਦੂ ਮੁਸ਼ਾਇਰਾ ਕਰਵਾਇਆ ਗਿਆ। ਇਸ ਦੌਰਾਨ ਦੇਸ਼ ਦੇ ਨਾਮਵਰ ਸ਼ਾਇਰਾਂ ਨੇ ਆਪਣੀਆਂ ਗ਼ਜ਼ਲਾਂ ਤੇ ਸ਼ਿਅਰਾਂ ਰਾਹੀਂ ਸਰੋਤਿਆਂ ਨੂੰ ਉਰਦੂ ਸ਼ਾਇਰੀ ਦੇ ਵੱਖ-ਵੱਖ ਰੰਗਾਂ ਨਾਲ ਜੋੜਿਆ। ਮੁਸ਼ਾਇਰੇ ਦੀ ਪ੍ਰਧਾਨਗੀ ਉੱਘੇ ਸ਼ਾਇਰ ਡਾ. ਅਜ਼ੀਜ਼ ਪਰਿਹਾਰ ਨੇ ਕੀਤੀ, ਜਦਕਿ ਦਿੱਲੀ ਤੋਂ ਆਏ ਜਨਾਬ ਸਲਮਾਨ ਸਈਅਦ ਨੇ ਮੰਚ ਸੰਚਾਲਨ ਕੀਤਾ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਭਾਸ਼ਾਈ ਅਤੇ ਸਭਿਆਚਾਰਕ ਪੱਖੋਂ ਬੇਹੱਦ ਅਮੀਰ ਹੈ , ਜਿੱਥੇ ਵੱਖ-ਵੱਖ ਭਾਸ਼ਾਵਾਂ ਨੇ ਵਿਕਾਸ ਕੀਤਾ ਹੈ। ਮੁਸ਼ਾਇਰੇ ਦੀ ਸ਼ੁਰੂਆਤ ਮਾਲੇਰਕੋਟਲਾ ਤੋਂ ਆਏ ਜ਼ਫ਼ਰ ਅਹਿਮਦ ਜ਼ਫ਼ਰ ਨੇ ਆਪਣੀ ਗ਼ਜ਼ਲ ‘ਮੇਰੇ ਦਿਲ ਕੀ ਆਰਜ਼ੂ…’ ਨਾਲ ਕੀਤੀ। ਇਸ ਤੋਂ ਬਾਅਦ ਪਰਮਿੰਦਰ ਸ਼ੌਖ਼ ਨੇ ਸੱਚ ਬੋਲਣ ਵਾਲਿਆਂ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੀ ਗ਼ਜ਼ਲ ਪੇਸ਼ ਕਰਕੇ ਸਮਾਜਿਕ ਹਾਲਾਤ ’ ਤੇ ਚੋਟ ਕੀਤੀ। ਮੁਹੰਮਦ ਮੁਅੱਜ਼ਮ ਸੈਫ਼ੀ ਨੇ ਧੀਆਂ ਦੀ ਅਹਿਮੀਅਤ ਬਾਰੇ ਆਪਣਾ ਕਲਾਮ ਪੇਸ਼ ਕੀਤਾ, ਜਦਕਿ ਚੰਡੀਗੜ੍ਹ ਤੋਂ ਆਈ ਸ਼ਾਇਰਾ ਸ਼ਹਿਨਾਜ਼ ਭਾਰਤੀ ਨੇ ਤਰੰਨੁਮ ਵਿਚ ਤਿੰਨ ਗ਼ਜ਼ਲਾਂ ਸੁਣਾ ਕੇ ਖ਼ੂਬ ਦਾਦ ਹਾਸਲ ਕੀਤੀ। ਪਟਿਆਲਵੀ ਸ਼ਾਇਰ ਅਮਰਦੀਪ ਅਮਰ ਨੇ ਆਪਣੇ ਸ਼ਿਅਰਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਦਿੱਲੀ ਤੋਂ ਆਈ ਮੁਹਤਰਮਾ ਮੁਸਕਾਨ ਮਜੀਦ ਨੇ ਅਜੋਕੇ ਸਮਾਜ ਵਿਚ ਧੀਆਂ ਦੀ ਸਥਿਤੀ ਨੂੰ ਆਪਣੀ ਗ਼ਜ਼ਲ ਦਾ ਵਿਸ਼ਾ ਬਣਾਇਆ। ਅੰਮ੍ਰਿਤਪਾਲ ਸ਼ੈਦਾ ਨੇ ਜੋਸ਼ੀਲੇ ਅੰਦਾਜ਼ ਵਿਚ ਸ਼ਿਅਰ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਸਲਮਾਨ ਸਈਅਦ ਨੇ ‘ਹਮ ਹੈ ਜ਼ੰਜੀਰੋਂ ਕੀ ਖਨ ਖਨ ਕੇ ਵਿਗਾੜੇ ਹੋਏ ਲੋਕ, ਤੇਰੀ ਪਾਜ਼ੇਬ ਕੀ ਛਨ-ਛਨ ਮੇਂ ਨਹੀਂ ਆ ਸਕਤੇ’ ਵਰਗੇ ਸ਼ਿਅਰਾਂ ਰਾਹੀਂ ਮੁਹੱਬਤ ਤੇ ਦਲੇਰੀ ਦੇ ਰੰਗ ਪੇਸ਼ ਕੀਤੇ। ਮੁਸ਼ਾਇਰੇ ਦੀ ਪ੍ਰਧਾਨਗੀ ਕਰ ਰਹੇ ਡਾ. ਅਜ਼ੀਜ਼ ਪਰਿਹਾਰ ਨੇ ਉਰਦੂ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਭਾਸ਼ਾ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ। ਉਰਦੂ ਵਿਭਾਗ ਦੇ ਇੰਚਾਰਜ ਸਤਪਾਲ ਸਿੰਘ ਚਹਿਲ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ, ਖੋਜ ਅਫ਼ਸਰ ਨੇ ਬਾਖ਼ੂਬੀ ਕੀਤਾ। ਅੰਤ ਵਿਚ ਸ਼ਾਮਲ ਸਾਰੇ ਸ਼ਾਇਰਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਪਦਮਸ੍ਰੀ ਪ੍ਰਾਣ ਸੱਭਰਵਾਲ, ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਦੇਵਿੰਦਰ ਕੌਰ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਅਮਰਜੀਤ ਸਿੰਘ, ਡਾ. ਆਸ਼ਾ ਕਿਰਨ, ਇੰਜੀਨੀਅਰ ਰਮਿੰਦਰਜੀਤ ਸਿੰਘ, ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ਰਫ਼ ਮਹਿਮੂਦ ਨੰਦਨ, ਇੰਜੀਨੀਅਰ ਅਮਰਜੀਤ ਸਿੰਘ, ਨਵਦੀਪ ਮੁੰਡੀ, ਡਾ. ਗੁਰਸੇਵਕ ਲੰਬੀ, ਸੁਖਵਿੰਦਰ ਸਿੰਘ ਫੁੱਲ, ਸ਼ਾਇਰ ਡਾ. ਸੰਦੀਪ ਸ਼ਰਮਾ, ਲਕਸ਼ਮੀ ਨਰਾਇਣ ਭੀਖੀ, ਅਦਾਕਾਰ ਬਲਵਿੰਦਰ ਬੁਲਟ ਅਤੇ ਹਰਸ਼ਜੋਤ ਕੌਰ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ।