200 ਤੋਂ ਵੱਧ ਨੌਜਵਾਨਾਂ ਨੇ ਕਾਂਗਰਸ ਪਾਰਟੀ ’ਚ ਸ਼ਾਮਿਲ
ਰਾਜਪੁਰਾ, 29 ਅਕਤੂਬਰ (ਜੀ. ਪੀ.
ਰਾਜਪੁਰਾ, 29 ਅਕਤੂਬਰ (ਜੀ. ਪੀ. ਸਿੰਘ)- ਰਾਜਪੁਰਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ, ਜਦੋਂ ਵਾਰਡ ਨੰਬਰ ਰਾਜਪੁਰਾ ਦੇ ਨੌਜਵਾਨ ਆਗੂ ਕੰਚਨ ਕੁਮਾਰ ਦੇ ਉਪਰਾਲੇ ਸਦਕਾ ਕਰੀਬ 200 ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਾਰੇ ਨੌਜਵਾਨਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕਰਦਿਆਂ ਕੰਚਨ ਕੁਮਾਰ ਨੂੰ ਹਲਕਾ ਰਾਜਪੁਰਾ ਯੂਥ ਕਾਂਗਰਸ ਦੀ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਿਆ ਤੇ ਬਾਕੀ ਸਾਥੀਆਂ ਨੂੰ ਵੀ ਪਾਰਟੀ ਅੰਦਰ ਹੋਰ ਅਹਿਮ ਅਹੁਦੇ ਦੇ ਕੇ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਾਮਲ ਹੋਏ ਸਮੂਹ ਨੌਜਵਾਨਾਂ ਨੇ ਇਕਜੁੱਟ ਹੋ ਕੇ ਸੂਬੇ ਵਿਚ ਫੈਲੀ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਨ ਅਤੇ ਖ਼ੁਦ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁੱਕੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਮੁਹੱਲਿਆਂ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਭਾਰੀ ਚਿੰਤਾ ਵਿਚ ਹਨ। ਉਨ੍ਹਾਂ ਕਾਂਗਰਸ ਦੇ ਵਰਕਰਾਂ ਸਮੇਤ ਆਮ ਲੋਕਾਂ ਨੂੰ ਅਪੀਲ ਕੀਤੀ ਕਿ 4 ਨਵੰਬਰ ਦੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਲਈ ਹੁੰਮ੍ਹ-ਹੁੰਮਾ ਕੇ ਪੁੱਜਣ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਨਵੀ, ਕੌਂਸਲਰ ਅਮਰ ਸਿੰਘ ਪਾਸੀ, ਮਨਦੀਪ ਸਿੰਘ ਡਿੰਪੀ, ਮਲਕੀਤ ਸਿੰਘ ਉਪਲਹੇੜੀ ਸਮੇਤ ਹੋਰ ਕਾਂਗਰਸ ਆਗੂ ਮੌਜੂਦ ਸਨ।