ਫ਼ਰੀਦਕੋਟ, 2 ਜਨਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਦੀ ਅਗਵਾਈ ਹੇਠ ਨਵੇਂ ਸਾਲ 2026 ਦੇ ਸਵਾਗਤ ਲਈ ਯੂਨੀਵਰਸਿਟੀ ਦੇ ਸੈਨੇਟ ਹਾਲ 'ਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ | ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਤੇ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ | ਰਜਿਸਟਰਾਰ ਅਰਵਿੰਦ ਕੁਮਾਰ, ਪ੍ਰੀਖਿਆ ਕੰਟਰੋਲਰ ਡਾ. ਰਾਜੀਵ ਸ਼ਰਮਾ, ਐਡੀਸ਼ਨਲ ਰਜਿਸਟਰਾਰ ਡਾ. ਰੋਹਿਤ ਚੋਪੜਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਸੰਜੇ ਗੁਪਤਾ ਤੇ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰੋ. (ਡਾ.) ਰਾਜੀਵ ਸੂਦ ਨੇ ਸਾਲ 2025 ਦੌਰਾਨ ਯੂਨੀਵਰਸਿਟੀ ਵਲੋਂ ਹਾਸਿਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੜ੍ਹਾਈ, ਸਿਹਤ ਸੇਵਾਵਾਂ ਤੇ ਖੋਜ ਦੇ ਖੇਤਰ ਵਿਚ ਲਗਾਤਾਰ ਤਰੱਕੀ ਕੀਤੀ ਹੈ | ਉਨ੍ਹਾਂ 'ਹੱਬ ਐਂਡ ਸਪੋਕ ਮਾਡਲ', ਨਵੇਂ ਸਿਹਤ ਕੋਰਸਾਂ ਤੇ ਡਿਜੀਟਲ ਸਿੱਖਿਆ ਦੀ ਸ਼ੁਰੂਆਤ ਦਾ ਜ਼ਿਕਰ ਵੀ ਕੀਤਾ | ਇਸ ਤੋਂ ਇਲਾਵਾ ਖ਼ੂਨਦਾਨ ਮੁਹਿੰਮਾਂ, ਵਾਤਾਵਰਨ ਦੀ ਸੰਭਾਲ ਤੇ ਕੌਮੀ ਪੱਧਰ 'ਤੇ ਮਿਲੇ ਸਨਮਾਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਡਾ. ਸੂਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਭਲਾਈ, ਸਾਫ਼-ਸੁਥਰਾ ਪ੍ਰੀਖਿਆ ਸਿਸਟਮ ਤੇ ਸਮਾਜ ਸੇਵਾ ਰਿਹਾ ਹੈ | ਇਹ ਪ੍ਰੋਗਰਾਮ ਨਵੇਂ ਸਾਲ 'ਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਨ ਦੇ ਅਹਿਦ ਨਾਲ ਸਮਾਪਤ ਹੋਇਆ | ਯੂਨੀਵਰਸਿਟੀ ਸਿਹਤ ਸਿੱਖਿਆ ਤੇ ਮਰੀਜ਼ਾਂ ਦੀ ਸੇਵਾ ਦੇ ਖੇਤਰ ਵਿਚ ਨਵੇਂ ਮੁਕਾਮ ਹਾਸਿਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ |