ਫ਼ਰੀਦਕੋਟ, 6 ਜਨਵਰੀ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਸਾਦਿਕ ਚੌਂਕ ਵਿਖੇ ਨਾਕਾਬੰਦੀ ਕਰਕੇ ਇਕ ਕਾਰ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਸਾਰੀ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਵਲੋਂ ਹੋਰ ਪੁਲਿਸ ਮੁਲਜ਼ਮਾਂ ਸਮੇਤ ਸਾਦਿਕ ਚੌਂਕ ਫ਼ਰੀਦਕੋਟ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਚਿੱਟੇ ਰੰਗ ਦੀ ਕਾਰ ਨੂੰ ਰੋਕ ਕੇ ਜਾਂਚ ਕੀਤੀ ਤਾਂ ਕਾਰ ਵਿਚੋਂ ਕਥਿਤ ਤੌਰ 'ਤੇ 60 ਪੇਟੀਆਂ ਵੱਖ-ਵੱਖ ਕੰਪਨੀਆਂ ਦੀ ਸ਼ਰਾਬ ਅਤੇ 60/60 ਸ਼ਰਾਬ ਬੋਤਲਾਂ ਦੋ ਡਰਮਾਂ ਵਿਚ ਪਾਈ ਹੋਈ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਕਾਰ ਚਾਲਕ ਮਨੋਜ ਕੁਮਾਰ ਪੁੱਤਰ ਸੋਨੂੰ ਵਾਸੀ ਫ਼ਰੀਦਕੋਟ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ ਅਤੇ ਕਾਰ ਚਾਲਕ ਵਲੋਂ ਬਰਾਮਦ ਸ਼ਰਾਬ ਦੀਆਂ ਬੋਤਲਾਂ ਸੰਬੰਧੀ ਕੋਈ ਲਾਇਸੰਸ ਜਾਂ ਪੁਖਤਾ ਦਸਤਾਵੇਜ ਨਾ ਦਿਖਾਏ ਜਾਣ 'ਤੇ ਉਸ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਸ਼ਰਾਬ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |