ਫ਼ਰੀਦਕੋਟ, 6 ਜਨਵਰੀ (ਸਰਬਜੀਤ ਸਿੰਘ)-ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਵਿਰੁੱਧ ਪੰਜਾਬ ਭਰ ਦੇ ਡਿੱਪੂਆਂ 'ਤੇ ਗੇਟ ਰੈਲੀਆਂ ਕਰਨ ਦੇ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਟਰਾਂਸਪੋਰਟ ਮੁਲਾਜ਼ਮਾਂ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਫ਼ਰੀਦਕੋਟ ਡਿੱਪੂ ਅੱਗੇ ਰੋਸ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਕੇਵਲ ਲਾਰੇ ਲੱਪੇ ਹੀ ਲਾਏ ਗਏ ਹਨ | ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ 'ਚ ਜਾ ਕੇ ਸਰਕਾਰਾਂ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ 'ਚ ਆਉਣ ਤੋਂ ਬਾਅਦ ਚਾਰ ਸਾਲ ਬੀਤ ਜਾਣ 'ਤੇ ਵੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਕੋਈ ਮੁਲਾਜ਼ਮ ਪੱਕਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਵਿਭਾਗਾਂ ਵਿਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਰਾਹੀਂ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਸਰਕਾਰੀ ਬੱਸਾਂ ਦਿਨ ਪ੍ਰਤੀ ਦਿਨ ਘਟਦੀਆਂ ਜਾਂ ਰਹੀਆਂ ਹਨ ਅਤੇ ਟਾਇਰ, ਸਪੇਅਰਪਾਰਟ, ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ | ਹਰ ਮਹੀਨੇ ਤਨਖਾਹਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ | ਇਸ ਮਹੀਨੇ ਵੀ ਲੋਹੜੀ ਦਾ ਤਿਉਹਾਰ ਹੈ ਪਰ ਤਨਖਾਹਾਂ ਦੀ ਕੋਈ ਉਮੀਦ ਨਹੀਂ ਹੈ | ਜਰਨਲ ਸਕੱਤਰ ਹਰਦੀਪ ਸਿੰਘ ਤੇ ਧਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ਼ ਕਰ ਰਹੇ ਸੀ | ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਹਿਰਾਸਤ 'ਚ ਲੈ ਕੇ ਵਰਕਰਾਂ 'ਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ | ਕਰਮਚਾਰੀਆਂ ਦੇ ਕੱਪੜੇ ਤੱਕ ਪਾੜੇ ਗਏ ਵਾਲ (ਕੇਸ) ਪੁੱਟੇ ਗਏ 177 ਦੇ ਕਰੀਬ ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ਵਿਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ਵਿਚ ਬੰਦ ਕੀਤਾ ਗਿਆ | ਜਿਸ ਵਿਚੋਂ ਸੰਗਰੂਰ ਵਿਖੇ ਅੱਜ ਵੀ 10 ਸਾਥੀ ਜੇਲ੍ਹ 'ਚ ਬੰਦ ਹਨ | ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨਗੇ ਅਤੇ ਆਜ਼ਾਦ ਦੇਸ਼ ਵਿਚ ਸਰਕਾਰ ਵਿਰੁੱਧ ਗੁਲਾਮ ਮੁਲਾਜ਼ਮ ਹੋਣ ਦਾ ਰੋਸ ਜ਼ਾਹਿਰ ਕਰਨਗੇ | ਜੇਕਰ ਮੰਗਾਂ ਨਾ ਮੰਨੀਆਂ ਅਤੇ ਸੰਗਰੂਰ ਜੇਲ੍ਹ ਵਿਚ ਨਾਜਾਇਜ਼ ਬੰਦ ਸਾਥੀਆਂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ 9 ਜਨਵਰੀ 2026 ਨੂੰ ਸੰਗਰੂਰ ਬੱਸ ਸਟੈਂਡ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |