ਜੈਤੋ, 6 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਪੁਲਿਸ ਨੇ ਪਿੰਡ ਰੋੜੀਕਪੂਰਾ ਦੇ 2 ਨੌਜਵਾਨਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰਪਾਲ ਸਿੰਘ ਸਮੇਤ ਸਾਥੀ ਕਰਮਚਾਰੀ ਦੇ ਲੈਪਟਾਪ, ਪਿ੍ੰਟਰ, ਤਫ਼ਤੀਸ਼ੀ ਕਿੱਟ ਹਮਰਾਹ ਲੈ ਕੇ ਬਾਸਵਾਰੀ ਪ੍ਰਾਈਵੇਟ ਵਹੀਕਲ 'ਤੇ ਥਾਣਾ ਜੈਤੋ ਤੋਂ ਚੱਲ ਕੇ ਏਰੀਆ ਥਾਣਾ ਜੈਤੋ 'ਚ ਗਸ਼ਤ ਕਰਦੇ ਹੋਏ ਕੋਟਕਪੂਰਾ ਰੋਡ ਤੋਂ ਦਾਣਾ ਮੰਡੀ ਦੇ ਗੇਟ ਨੰਬਰ 01 ਤੋਂ ਅੰਦਰ ਮੰਡੀ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਦਾਣਾ ਮੰਡੀ ਵਿਚ ਖੱਬੇ ਹੱਥ ਬਣੇ ਕਮਰੇ ਪਾਸ ਪੁੱਜੀ ਤਾਂ ਕਮਰੇ ਦੇ ਪਿਛਲੇ ਪਾਸੇ ਇਕ ਗੱਡੀ ਨੰਬਰੀ ਐਚ.ਆਰ 26ਬੀ ਡਬਲਯੂ-0301 ਖੜੀ ਦਿਖਾਈ ਦਿੱਤੀ | ਜਿਸ ਵਿਚ ਦੋ ਮੋਨੇ ਨੌਜਵਾਨ ਬੈਠੇ ਦਿਖਾਈ ਦਿੱਤੇ | ਜੋ ਪੁਲਿਸ ਪਾਰਟੀ ਦੀ ਗੱਡੀ ਨਜ਼ਦੀਕ ਆਉਂਦੀ ਦੇਖ ਕੇ ਆਪਣੀ ਗੱਡੀ ਸਟਾਰਟ ਕਰਕੇ ਖਿਸਕਣ ਲੱਗੇ ਤਾਂ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਸ਼ੱਕ ਦੇ ਅਧਾਰ 'ਤੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਹਾਂ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਕੰਡਕਟਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂਅ ਖੁਸ਼ਪਿੰਦਰ ਸਿੰਘ ਉਰਫ਼ ਖੁਸ਼ ਪੁੱਤਰ ਜਗਜੀਤ ਸਿੰਘ ਵਾਸੀ ਰੋੜੀਕਪੂਰਾ ਅਤੇ ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂਅ ਜਗਮੀਤ ਸਿੰਘ ਉਰਫ਼ ਮੀਤਾ ਪੁੱਤਰ ਪਿ੍ਤਪਾਲ ਸਿੰਘ ਵਾਸੀ ਰੋੜੀਕਪੂਰਾ ਦੱਸਿਆ ਤਾਂ ਗੱਡੀ ਉਕਤ ਦੀ ਤਲਾਸ਼ੀ ਕਰਨ 'ਤੇ ਉਕਤਾਨ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ |