ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਵਿਖੇ ਪਹਿਲੀ ਵਾਰ ਰਾਜ ਪੱਧਰੀ ਮਾਸਟਰ ਬੈਡਮਿੰਟਨ ਟੂਰਨਾਮੈਂਟ 6 ਫ਼ਰਵਰੀ ਤੋਂ 9 ਫ਼ਰਵਰੀ ਤੱਕ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਅੱਜ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਬੰਧਕ ਸਕੱਤਰ ਤੇ ਸੂਬਾ ਮੀਤ ਪ੍ਰਧਾਨ ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ 35 ਸਾਲ ਤੋਂ 75 ਸਾਲ ਤੱਕ ਦੇ ਮਰਦ ਤੇ ਔਰਤ ਖਿਡਾਰੀ ਭਾਗ ਲੈ ਰਹੇ ਹਨ | ਸਥਾਨਕ ਫ਼ਰੀਦਕੋਟ ਕਲੱਬ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ 'ਚ ਕੈਲਗਰੀ (ਕੈਨੇਡਾ) ਦੇ ਵਿਧਾਇਕ ਗੁਰਿੰਦਰ ਬਰਾੜ ਨੇ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦਿਆਂ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਲਲਿਤ ਮੋਹਨ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਭਾਗ ਲੈਣ ਲਈ ਮਿਤੀ 2 ਫ਼ਰਵਰੀ 2026 ਤੱਕ ਐਂਟਰੀ ਕੀਤੀ ਜਾਵੇਗੀ | ਇਸ ਟੂਰਨਾਮੈਂਟ ਵਿਚ ਉਚੇਚੇ ਤੌਰ 'ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸ.ਐਸ.ਪੀ ਡਾ. ਪ੍ਰਗਿਆ ਜੈਨ, ਪੰਜਾਬ ਰਾਜ ਸੂਚਨਾ ਕਮਿਸ਼ਨਰ ਐਡਵੋਕੇਟ ਸੰਦੀਪ ਸਿੰਘ ਧਾਲੀਵਾਲ, ਅਸਿਸਟੈਂਟ ਕਮਿਸ਼ਨਰ ਜਨਰਲ ਫ਼ਰੀਦਕੋਟ ਗੁਰਕਿਰਨਦੀਪ ਸਿੰਘ ਸਿੱਧੂ, ਆਨਰੇਰੀ ਸਕੱਤਰ ਪੀ.ਬੀ.ਏ ਰਿਤਿਨ ਖੰਨਾ ਸ਼ਿਰਕਤ ਕਰਨਗੇ |