ਜੈਤੋ, 28 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ 'ਤੇ ਸਰਕਾਰ ਵਲੋਂ ਸਖ਼ਤ ਪਾਬੰਦੀ ਲਗਾਈ ਹੋਣ ਦੇ ਬਾਵਜੂਦ ਵੀ ਇਸ ਦਾ ਗੈਰਕਾਨੂੰਨੀ ਧੰਦਾ ਧੜੱਲੇ ਨਾਲ ਜਾਰੀ ਹੈ, ਜੋ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ | ਲਾਲਚੀ ਕਾਰੋਬਾਰੀਆਂ ਵਲੋਂ ਮੋਟੇ ਮੁਨਾਫ਼ੇ ਦੀ ਖਾਤਿਰ ਮਾਰੂ ਚਾਇਨਾ ਡੋਰ ਦੀ ਗੁਪਤ ਤੌਰ 'ਤੇ ਵਿਕਰੀ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਨੁਕਸਾਨ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਚਾਇਨਾ ਡੋਰ ਨਾਲ ਜੁੜੀਆਂ ਘਟਨਾਵਾਂ ਵਿਚ ਹਰ ਸਾਲ ਅਨੇਕਾਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜਦਕਿ ਕਈ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਕੇ ਜੀਵਨ ਭਰ ਲਈ ਅਪਾਹਜ ਹੋ ਰਹੇ ਹਨ | ਖ਼ਾਸ ਕਰਕੇ ਦੋ-ਪਹੀਆ ਵਾਹਨ ਚਾਲਕ, ਬੱਚੇ ਅਤੇ ਪੰਛੀ ਇਸ ਮਾਰੂ ਡੋਰ ਦਾ ਸ਼ਿਕਾਰ ਬਣ ਰਹੇ ਹਨ | ਸ਼ਹਿਰਾਂ ਅਤੇ ਪਿੰਡਾਂ ਵਿਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਵਿਚ ਡਰ ਅਤੇ ਰੋਸ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਦੇ-ਕਦੇ ਹੀ ਕਾਰਵਾਈ ਕੀਤੀ ਜਾਂਦੀ ਹੈ, ਜੋ ਸਿਰਫ਼ ਕਾਗਜ਼ੀ ਬਣ ਕੇ ਰਹਿ ਜਾਂਦੀ ਹੈ | ਜਦ ਤੱਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਤਦ ਤੱਕ ਇਸ ਖ਼ਤਰਨਾਕ ਰੁਝਾਨ 'ਤੇ ਲਗਾਮ ਲੱਗਣੀ ਮੁਸ਼ਕਿਲ ਹੈ | ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦੀ ਗੈਰਕਾਨੂੰਨੀ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ |