ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡਾਂ ਦੇ ਜਲਘਰਾਂ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਨੂੰ ਭਰਨ ਲਈ ਗ੍ਰਾਮ ਪੰਚਾਇਤਾਂ ਨੂੰ ਫਰਮਾਨ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਦਿਹਾਤੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ 29 ਪਿੰਡਾਂ ਨੂੰ ਲੱਖਾਂ ਰੁਪਏ ਬਕਾਇਆ ਰਾਸ਼ੀ ਦੇਣ ਦੇ ਹੁਕਮ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਵੇਲੇ ਪਿੰਡਾਂ ਦੇ ਜਲਘਰਾਂ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਸਨ ਅਤੇ ਪਾਵਰਕਾਮ ਨੂੰ ਸਰਕਾਰ ਖ਼ੁਦ ਅਦਾ ਕਰਦੀ ਸੀ, ਪਰ ਹੁਣ ਅਚਾਨਕ ਗ੍ਰਾਮ ਪੰਚਾਇਤਾਂ ਨੂੰ ਮੌਜੂਦਾ ਪੰਜਾਬ ਸਰਕਾਰ ਵਲੋਂ ਆਏ ਫਰਮਾਨ ਕਰਕੇ ਪੰਚਾਇਤਾਂ ਵੀ ਹੈਰਾਨੀ ਵਿਚ ਹਨ | ਉਨ੍ਹਾਂ ਕਿਹਾ ਕਿ ਜੇਕਰ ਸਾਰੇ ਖ਼ਪਤਕਾਰਾਂ ਨੂੰ ਪੰਜਾਬ ਸਰਕਾਰ ਬਿਜਲੀ ਦੇ 600 ਯੂਨਿਟ ਪ੍ਰਤੀ ਦੋ ਮਹੀਨਾ ਮੁਆਫ਼ ਕਰ ਸਕਦੀ ਹੈ ਤਾਂ ਪਿੰਡਾਂ ਦੇ ਜਲਘਰਾਂ ਤੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮੋਟਰਾਂ ਦੇ ਬਿੱਲ ਮੁਆਫ਼ ਕਿਉਂ ਨਹੀਂ ਕੀਤੇ ਜਾ ਸਕਦੇ | ਉਨ੍ਹਾਂ ਕਿਹਾ ਕਿ ਇਕ-ਇਕ ਪਿੰਡ ਨੂੰ ਲੱਖਾਂ ਰੁਪਏ ਦੀ ਬਿੱਲ ਗ੍ਰਾਮ ਪੰਚਾਇਤ ਲਈ ਭਰਨੇ ਬਹੁਤ ਹੀ ਮੁਸ਼ਕਿਲ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਿੱਲਾਂ ਦੀ ਅਦਾਇਗੀ ਖ਼ੁਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਾਰੀ ਕੀਤੇ ਦੇ ਗਏ ਬਿੱਲਾਂ ਦੇ ਹੇਠ ਵੀ ਪੰਜਾਬ ਸਰਕਾਰ ਅਦਾਇਗੀ ਕਰੇਗੀ, ਦਰਜ ਕੀਤਾ ਹੋਇਆ ਹੈ |