08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਝੁੰਡ ਆਵਾਜਾਈ ਲਈ ਬਣ ਰਹੇ ਖਤਰਾ

Ad Position 21
No active advertisement
ਅਜੀਤ ਡੈਸਕ 04-02-2026
ਫ਼ਰੀਦਕੋਟ, 3 ਫ਼ਰਵਰੀ (ਸਰਬਜੀਤ ਸਿੰਘ)-ਸ਼ਹਿਰ 'ਚ ਫਿਰ ਰਹੇ ਬੇਸਹਾਰਾ ਪਸ਼ੂਆਂ ਦੇ ਝੁੰਡ ਸੜਕਾਂ 'ਤੇ ਆਵਾਜਾਈ ਲਈ ਵੱਡੀ ਸਮੱਸਿਆ ਦਾ ਕਰਨ ਬਣ ਰਹੇ ਹਨ | ਥਾਂ ਥਾਂ 'ਤੇ ਰਸਤਾ ਰੋਕੀ ਖੜੇ ਇਨ੍ਹਾਂ ਪਸ਼ੂਆਂ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ | ਜਿਸ ਕਾਰਨ ਆਮ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਨਜ਼ਰ ਆ ਰਿਹਾ ਹੈ ਅਤੇ ਇਸ ਦਾ ਸਿੱਟਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਟ੍ਰੈਫ਼ਿਕ ਪੁਲਿਸ ਦਾ ਧਿਆਨ ਆਵਾਜਾਈ ਦੀ ਸਮੱਸਿਆ ਨੂੰ ਦਰੁਸਤ ਕਰਨ ਦਾ ਬਜਾਏ ਸਿਰਫ਼ ਤੇ ਸਿਰਫ਼ ਚਲਾਨ ਕੱਟਣ 'ਤੇ ਹੀ ਕੇਂਦਰਿਤ ਹੈ ਅਤੇ ਆਮ ਲੋਕ ਦੋਵਾਂ ਪਾਸਿਆਂ ਤੋਂ ਪੀੜੇ ਜਾ ਰਹੇ ਹਨ | ਸ਼ਹਿਰ ਦੀਆਂ ਸੜਕਾਂ 'ਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਝੁੰਡ ਫ਼ਿਰ ਰਹੇ ਹਨ ਅਤੇ ਇਹ ਸੜਕਾਂ ਦੇ ਵਿਚਕਾਰ ਹੀ ਖੜ ਜਾਂਦੇ ਹਨ ਅਤੇ ਕਈ ਥਾਵਾਂ 'ਤੇ ਤਾਂ ਕੂੜੇ ਦੇ ਡੇਰਾਂ 'ਤੇ ਫ਼ਿਰਦੇ ਇਹ ਪਸ਼ੂ ਸੜਕ ਤੱਕ ਕੂੜਾ ਖ਼ਿਲਾਰ ਦਿੰਦੇ ਹਨ | ਕਈ ਵਾਰ ਇਹ ਪਸ਼ੂ ਲੋਕਾਂ 'ਤੇ ਹਮਲਾ ਵੀ ਕਰ ਦਿੰਦੇ ਹਨ, ਜਿਸ ਨਾਲ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ | ਸ਼ਹਿਰ ਵਿਚ ਦੋ ਗਊਸ਼ਾਲਵਾਂ ਹਨ ਅਤੇ ਇਕ ਸਰਕਾਰ ਵਲੋਂ ਗੋਲੇਵਾਲਾ ਵਿਖੇ 25 ਏਕੜ ਵਿਚ ਬਣਾਈ ਗਈ ਹੈ | ਫਿਰ ਵੀ ਇਹ ਪਸ਼ੂ ਸੜਕਾਂ 'ਤੇ ਫਿਰਦੇ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਲਈ ਕੋਈ ਕਾਰਗਰ ਪ੍ਰਬੰਧ ਨਹੀਂ ਕੀਤੇ ਜਾ ਰਹੇ | ਸ਼ਹਿਰ ਵਾਸੀ ਸੁਖਵਿੰਦਰ ਸਿੰਘ ਮਿੰਟੂ, ਮਹਿੰਦਰ ਮਿੰਦੀ ਅਤੇ ਵਰਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਫਿਰ ਰਹੇ ਇਨ੍ਹਾਂ ਬੇਸਹਾਰਾ ਪਸ਼ੂਆਂ ਕਰਕੇ ਆਵਾਜਾਈ ਵਿਚ ਕਾਫ਼ੀ ਸਮੱਸਿਆ ਆਉਂਦੀ ਹੈ ਅਤੇ ਇਨ੍ਹਾਂ ਪਸ਼ੂਆਂ ਕਰਕੇ ਸੜਕੀ ਹਾਦਸੇ ਵਾਪਰਦੇ ਹਨ | ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਉਹ ਹਰ ਰੋਜ਼ ਸਵੇਰ ਸਮੇਂ ਪਿੰਡ ਚਹਿਲ ਤੋਂ ਸ਼ਹਿਰ ਵਿਚ ਆਪਣੇ ਕੰਮ ਲਈ ਆਉਂਦਾ ਹੈ ਅਤੇ ਸ਼ਾਮ ਨੂੰ ਉਸ ਨੂੰ ਵਾਪਸ ਮੁੜਨਾ ਹੁੰਦਾ ਹੈ | ਸਰਦੀਆਂ ਕਰਕੇ ਸਵੇਰੇ ਸ਼ਾਮ ਥੋੜੀ ਥੋੜੀ ਧੁੰਦ ਹੋਣ ਕਾਰਨ ਸੜਕਾਂ 'ਤੇ ਘੱਟ ਦਿਖਾਈ ਦਿੰਦਾ, ਉਸ ਨੂੰ ਇਨ੍ਹਾਂ ਪਸ਼ੂਆਂ ਤੋਂ ਡਰ ਲੱਗਿਆ ਰਹਿੰਦਾ ਹੈ | ਉਹ ਕਈ ਵਾਰ ਇਨ੍ਹਾਂ ਪਸ਼ੂਆਂ ਕਾਰਨ ਸੜਕ ਹਾਦਸੇ ਤੋਂ ਬਚਿਆ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿਚ ਜਗ੍ਹਾ ਜਗ੍ਹਾ ਝੁੰਡ ਬਣਾ ਕੇ ਫਿਰ ਰਹੇ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਪਹੁੰਚਾਇਆ ਜਾਵੇ ਤਾਂ ਕਿ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਖੇਤਾਂ 'ਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਬਿਜਲੀ ਵਿਭਾਗ ਵਲੋਂ ਬਿਜਲੀ ਮੀਟਰਾਂ ਦੇ ਟੁੱਟੇ ਹੋਏ ਬਕਸੇ ਹਟਾ ਕੇ ਨਵੇਂ ਲਗਾਉਣੇ ਸ਼ੁਰੂ <br/>
Ad Position 24