ਬਰਗਾੜੀ, 3 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਕਿਸਾਨਾਂ ਦੇ ਖੇਤਾਂ 'ਚ ਕਦੇ ਟਰਾਂਸਫ਼ਾਰਮਰਾਂ 'ਚ ਤੇਲ, ਤਾਬਾਂ, ਕੇਬਲ ਤਾਰਾਂ ਅਤੇ ਬਿਜਲੀ ਦਾ ਹੋਰ ਸਾਮਾਨ ਚੋਰੀ ਹੋਣ ਦੀਆਂ ਖ਼ਬਰਾਂ ਅਸੀਂ ਆਮ ਪੜ੍ਹਦੇ ਸੁਣਦੇ ਹਾਂ | ਇਸ ਲੜੀ ਤਹਿਤ ਬੀਤੇ ਦਿਨੀਂ ਰਾਤ ਸਮੇਂ ਕਸਬਾ ਬਰਗਾੜੀ ਦੇ 10 ਕਰੀਬ ਕਿਸਾਨਾਂ ਜਿਨ੍ਹਾਂ 'ਚ ਸੰਤੋਖ ਸਿੰਘ, ਦਰਸ਼ਨ ਸਿੰਘ, ਗੁਰਪਵਿੱਤਰ ਸਿੰਘ ਢਿੱਲੋਂ, ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਢਿੱਲੋਂ, ਬੂਟਾ ਸਿੰਘ ਢਿੱਲੋਂ, ਦਰਸ਼ਨ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋ, ਗੁਰਦਿੱਤ ਸਿੰਘ ਢਿੱਲੋਂ, ਜਗਤਾਰ ਸਿੰਘ ਢਿੱਲੋਂ ਆਦਿ ਸ਼ਾਮਿਲ ਹਨ ਦੇ ਖੇਤਾਂ 'ਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀਆਂ ਹੋ ਗਈਆਂ | ਕਿਸਾਨ ਮਲਕੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂ ਕੇਬਲਾਂ ਤਾਰਾਂ ਚੋਰੀ ਹੋਣ ਦੇ ਡਰੋਂ ਇਹ ਖੇਤਾਂ 'ਚ ਬਣੇ ਕਮਰਿਆਂ ਦੇ ਅੰਦਰੋਂ ਡੂੰਘੀਆਂ ਕਰਕੇ ਧਰਤੀ 'ਚ ਦਬਾਈਆਂ ਹੋਈਆਂ ਸਨ ਤਾਂ ਕਿ ਛੇਤੀ ਕੀਤੇ ਚੋਰਾਂ ਨੂੰ ਪਤਾ ਨਾ ਲੱਗੇ ਪ੍ਰੰਤੂ ਇਸ ਦੇ ਬਾਵਜੂਦ ਚੋਰਾਂ ਨੇ ਬਿਨਾਂ ਕਿਸੇ ਡਰ ਤੋਂ ਇਹ ਦਬਾਈਆਂ ਹੋਈਆਂ ਕੇਬਲਾਂ ਨੂੰ ਪੁੱਟ ਕਿ ਚੋਰੀ ਕਰ ਲਈਆਂ ਗਈਆਂ | ਚੋਰੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਕਿਸਾਨ ਹੁਣ ਟਰਾਂਸਫ਼ਾਰਮਰ ਵੀ ਫ਼ਸਲ ਨੂੰ ਪਾਣੀ ਲਾਉਣ ਤੋਂ ਬਾਅਦ ਘਰ ਲੈ ਆਉਂਦੇ ਕਿਉਂਕਿ ਮਜ਼ਬੂਰੀ ਵੱਸ ਉਨ੍ਹਾਂ ਟਰੈਕਟਰਾਂ ਪਿੱਛੇ ਟਰਾਂਸਫਾਰਮਰ ਰੱਖਣ ਵਾਲੇ ਸਾਧਨ ਬਣਾਏ ਹੋਏ ਹਨ | ਕਿਸਾਨਾਂ ਦੇ ਦੱਸਣ ਅਨੁਸਾਰ ਚੋਰ ਇਸ ਹੱਦ ਤੱਕ ਬੇਖੌਫ ਸਨ ਕਿ ਜਦ ਉਨ੍ਹਾਂ ਸਵੇਰੇ ਜਾ ਕੇ ਦੇਖਿਆਂ ਤਾਂ ਚੋਰ ਤਾਰਾਂ ਚੋਰੀ ਕਰਕੇ ਉਨ੍ਹਾਂ ਉੱਥੇ ਹੀ ਅੱਗ 'ਚ ਸਾੜ ਕੇ ਉਨ੍ਹਾਂ ਤਾਬਾਂ, ਕਾਪਰ ਆਦਿ ਕੱਢ ਕੇ ਲੈ ਗਏ |