ਕੋਟਕਪੂਰਾ, 20 ਫ਼ਰਵਰੀ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੀਆਂ ਆਵਾਜਾਈ ਵਾਲੀਆਂ ਕਈ ਪ੍ਰਮੁੱਖ ਸੜਕਾਂ ਨੂੰ ਖੱਡਿਆਂ ਦਾ ਗ੍ਰਹਿਣ ਲੱਗਣ ਕਾਰਨ ਵਹੀਕਲਾਂ ਵਾਲੇ ਅਤੇ ਆਮ ਰਾਹਗੀਰ ਸਾਰਾ ਦਿਨ ਸ਼ਖ਼ਤ ਪ੍ਰੇਸ਼ਾਨੀ ਝੱਲਣ ਲਈ ਮਜ਼ਬੂਰ ਹਨ, ਚਿੰਤਾਂ ਦੀ ਗੱਲ ਹੈ ਕਿ ਜ਼ਿਆਦਾ ਵਰਤੋਂ 'ਚ ਆਉਣ ਵਾਲੇ ਕਈ ਰਸਤਿਆਂ ਦੀ ਮਾੜੀ ਹਾਲਤ ਹੋਣ ਕਾਰਨ ਲੋਕ ਪੰਜਾਬ ਸਰਕਾਰ ਅਤੇ ਸਥਾਨਕ ਆਗੂਆਂ ਨੂੰ ਕੋਸਣ ਲਈ ਮਜ਼ਬੂਰ ਹਨ | ਸ਼ਹਿਰ ਨੂੰ ਦੇਵੀ ਵਾਲਾ ਸੜਕ, ਬੀੜ ਸਿੱਖਾਂ ਵਾਲਾ ਅਤੇ ਸਿੱਖਾਂ ਵਾਲਾ ਸੰਪਰਕ ਸੜਕਾਂ ਰਾਹੀਂ ਸ਼ਾਹ ਰਾਹ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੂੰ ਜੋੜਨ ਵਾਲੀਆਂ ਸੜਕਾਂ ਦੀ ਹਾਲਤ ਮਾੜੀ ਹੈ | ਦੇਵੀ ਵਾਲਾ ਅਤੇ ਸਿੱਖਾਂ ਵਾਲਾ ਨੂੰ ਆਉਣ-ਜਾਣ ਵਾਲੀ ਸੜਕਾਂ ਉਪਰ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਡੂੰਘੇ ਖੱਡੇ ਬਣ ਚੁੱਕੇ ਹਨ | ਪਿਛਲੇ ਸਮੇਂ ਪਈਆਂ ਤੇਜ਼ ਬਾਰਸ਼ਾਂ ਕਾਰਨ ਸੜਕਾਂ ਦੀ ਬਰੀਕ ਬੱਜਰੀ ਉਖੜ ਕੇ ਸੜਕਾਂ ਤੋਂ ਗਾਇਬ ਹੋ ਚੁੱਕੀ ਹੈ | ਇਹ ਪੱਕੀਆਂ ਸੜਕਾਂ ਪਿੰਡਾਂ ਦੇ ਕੱਚੇ ਰਸਤਿਆਂ ਅਤੇ ਕੱਚੀਆਂ ਪਹੀਆਂ ਦਾ ਭੁਲੇਖਾ ਪਾਉਂਦੀਆਂ ਹਨ | ਸਾਰਾ ਦਿਨ ਉਡਦੀ ਧੂੜ ਤੋਂ ਇੱਥੋਂ ਲੰਘਣ ਵਾਲੇ ਵਹੀਕਲਾਂ ਵਾਲੇ, ਆਮ ਰਾਹਗੀਰ, ਨੇੜਲੇ ਘਰਾਂ ਤੇ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ | ਇਨ੍ਹਾਂ ਸੜਕਾਂ ਦੇ ਨੇੜੇ ਰਹਿਣ ਵਾਲੇ ਘਰਾਂ ਅਤੇ ਦੁਕਾਨਾਂ ਵਾਲਿਆਂ ਦਾ ਕਹਿਣਾ ਹੈ ਦੁਕਾਨਾਂ ਅੰਦਰ ਪਿਆ ਸਮਾਨ ਮਿੱਟੀ-ਘੱਟੇ ਨਾਲ ਭਰ ਜਾਂਦਾ ਹੈ | ਇਵੇਂ ਹੀ ਘਰਾਂ ਦੀਆਂ ਸੁਆਣੀਆਂ ਵਲੋਂ ਧੁੱਪ 'ਚ ਸੁਕਾਉਣ ਲਈ ਬਾਹਰ ਪਾਏ ਹੋਏ ਕੱਪੜੇ ਘੱਟੇ ਕਾਰਨ ਖ਼ਰਾਬ ਹੋ ਜਾਂਦੇ ਹਨ | ਸਥਾਨਕ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਤੋਂ ਸ਼ੁਰੂ ਹੁੰਦੀ ਸਿੱਖਾਂ ਵਾਲਾ ਸੜਕ ਦੀ ਹਾਲਤ ਸ਼ਹਿਰੀ ਆਬਾਦੀ ਅੰਦਰ ਬਹੁਤ ਜ਼ਿਆਦਾ ਚਿੰਤਾਜਨਤਕ ਹੈ | ਹਾਲਾਂ ਕਿ ਇਸ ਸੜਕ ਨੂੰ ਸ਼ਹਿਰ ਨੂੰ ਸ਼ਾਹ ਰਾਹ ਨਾਲ ਜੋੜਨ ਲਈ ਮਿੰਨੀ ਬਾਈਪਾਸ ਦਾ ਨਾਮ ਦਿੱਤਾ ਗਿਆ ਹੈ | ਇਸ ਦੇ ਦੋਹੀਂ ਪਾਸੀਂ ਆਬਾਦੀ ਬਹੁਤ ਜ਼ਿਆਦਾ ਵਸੀ ਹੋਈ ਹੈ | ਸਿੱਖਾਂ ਵਾਲਾ ਸੜਕ 'ਤੇ ਗਊਸ਼ਾਲਾ, ਡੀ.ਏ.ਵੀ ਪਬਲਿਕ ਸਕੂਲ, ਡਰੀਮਲੈਂਡ ਪਬਲਿਕ ਸਕੂਲ, ਅਕਾਲ ਸਹਾਏ ਬੀ.ਐੱਡ ਕਾਲਜ ਸਥਿਤ ਹੋਣ ਕਾਰਨ ਇਸ ਸੜਕ ਉਪਰ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ | ਉਕਤ ਵਿੱਦਿਅਕ ਸੰਸਥਾਵਾਂ ਵਿਚ ਬੱਚਿਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਵਾਲੇ ਸੜਕ ਦੀ ਮਾੜੀ ਹਾਲਤ ਤੋਂ ਕਾਫ਼ੀ ਪ੍ਰੇਸ਼ਾਨ ਹਨ | ਬਹੁਤ ਸਾਰੇ ਮਾਪੇ ਉਕਤ ਸੰਸਥਾਵਾਂ 'ਚ ਦੁਪਹੀਆ ਵਹੀਕਲਾਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਛੱਡ ਕੇ ਆਉਂਦੇ-ਜਾਂਦੇ ਹਨ | ਦੁਪਹੀਆ ਵਹੀਕਲਾਂ ਉਪਰ ਜਾਣ ਵਾਲੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਮਿੱਟੀ-ਘੱਟੇ ਕਾਰਨ ਗ਼ੰਦੀਆਂ ਹੋ ਜਾਂਦੀਆਂ ਹਨ | ਸ਼ਹਿਰ ਦੀ ਸੰਘਣੀ ਆਬਾਦੀ 'ਚੋਂ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਸ਼ਾਹ ਰਾਹ 'ਤੇ ਆਪਣੇ ਵਹੀਕਲਾਂ ਦੁਆਰਾ ਜਾਣ ਵਾਲੇ ਵਹੀਕਲ ਚਾਲਕ ਬੜੀ ਮੁਸ਼ਕਲ ਨਾਲ ਦੋ-ਢਾਈ ਕਿਲੋਮੀਟਰ ਦਾ ਫ਼ਾਸਲਾ ਤਹਿ ਕਰਦੇ ਹਨ | ਕੋਈ ਹੋਰ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਲੋਕ ਮਜ਼ਬੂਰਨ ਇਸ ਰਸਤਿਓਾ ਹੀ ਆਵਾਜਾਈ ਕਰਨ ਲਈ ਮਜ਼ਬੂਰ ਹਨ | ਸ਼ਹਿਰ ਨਿਵਾਸੀਆ ਦੀ ਮੰਗ ਹੈ ਕਿ ਉਕਤ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਜਨਤਕ ਆਵਾਜਾਈ ਸੁਖਾਲੀ ਹੋ ਸਕੇ | ਕੋਟਕਪੂਰਾ ਵਿਖੇ ਸਿੱਖਾਂ ਵਾਲਾ ਸੜਕ ਦੀ ਮਾੜੀ ਹਾਲਤ ਨੂੰ ਬਿਆਨ ਕਰਦੀਆਂ ਇਹ ਝਲਕੀਆਂ | ਤਸਵੀਰਾਂ : ਮੋਹਰ ਗਿੱਲ