ਕੋਟਕਪੂਰਾ, 20 ਫ਼ਰਵਰੀ (ਮੇਘਰਾਜ)-ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਵੀ ਪੁਰਾਣੇ ਤੇ ਖਸਤਾ ਹਾਲਤ ਕੋਟਕਪੂਰਾ ਰਜਬਾਹਾ ਦੇ ਵਾਰ ਵਾਰ ਟੁੱਟਣ ਦੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ ਕਿਉਂਕਿ ਇਸ ਲਈ 1250 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਗਈ ਹੈ | ਇਸ ਸੰਬੰਧੀ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪਿੰਡ ਸਿਵੀਆਂ ਤੋਂ ਸ਼ੁਰੂ ਕਰਕੇ 54,200 ਫੁੱਟ ਲੰਬਾਈ ਵਾਲੇ ਰਜਬਾਹੇ ਨੂੰ ਨਵਾਂ ਬਣਾਉਣ ਲਈ ਅਗਲੇ ਹਫ਼ਤੇ ਨੀਂਹ ਪੱਥਰ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਦੂਰ ਕਰਨ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਯਤਨ ਜਾਰੀ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਜਬਾਹੇ ਦੀ ਹਾਲਤ ਖਸਤਾ ਹੋਣ ਕਾਰਨ ਵਾਰ ਵਾਰ ਟੁੱਟਣ ਨਾਲ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਸੀ, ਪਹਿਲਾਂ ਹੀ ਮੰਦਹਾਲੀ 'ਚੋਂ ਨਿਕਲ ਰਹੀ ਕਿਸਾਨੀ ਦਾ ਖਸਤਾ ਹਾਲਤ ਰਜਬਾਹਿਆਂ ਦੇ ਟੁੱਟਣ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਸਪੀਕਰ ਸੰਧਵਾਂ ਵਲੋਂ ਉਕਤ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੋਠੇ ਗੱਜਣ ਸਿੰਘ ਵਾਲੇ, ਬੁੱਕਣ ਸਿੰਘ ਨਗਰ, ਬਾਹਮਣ ਵਾਲਾ, ਕੋਹਾਰਵਾਲਾ ਤੇ ਨਾਲ ਲੱਗਦੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਸੂਏ ਨੂੰ ਨਵਾਂ ਬਣਾਉਣ ਲਈ ਮੰਗ ਕੀਤੀ ਜਾ ਰਹੀ ਸੀ | ਸੂਆ ਨਵਾਂ ਬਣਨ ਨਾਲ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਜਿੱਥੇ ਫਾਇਦਾ ਮਿਲੇਗਾ, ਉਥੇ ਫ਼ਸਲ ਦੇ ਨੁਕਸਾਨ ਹੋਣ ਦੀ ਸੰਭਾਵਨਾ ਵੀ ਬਿਲਕੁਲ ਖ਼ਤਮ ਹੋ ਜਾਵੇਗੀ |