ਕੋਟਕਪੂਰਾ, 22 ਫ਼ਰਵਰੀ (ਮੇਘਰਾਜ, ਮੋਹਰ ਗਿੱਲ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਵਲੋਂ ਪਿੰਡ ਲਾਲੇਆਣਾ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰਾਂ ਦੀ ਮੀਟਿੰਗ ਕੀਤੀ | ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਪਿਛਲੇ ਸਮੇਂ ਸਰਕਾਰ ਵਲੋਂ ਖਤਮ ਕੀਤੀ ਨਰੇਗਾ ਕਾਨੂੰਨ ਦੀਆਂ ਖਾਮੀਆਂ ਖ਼ਿਲਾਫ਼ ਯੂਨੀਅਨ ਨੇ ਬਹੁਤ ਲੜਾਈ ਲੜੀ ਸੀ ਜਿਸ ਕਰਕੇ ਪੇਂਡੂ ਮਜ਼ਦੂਰਾਂ ਨੂੰ 100 ਦਿਨ ਕੰਮ ਮਿਲਦਾ ਸੀ ਅਤੇ ਹੋਰ ਸਹੂਲਤਾਂ ਮਿਲਦੀਆਂ ਸਨ ਪਰ ਕੇਂਦਰ ਦੀ ਸਰਕਾਰ ਨੇ ਨਰੇਗਾ ਖਤਮ ਕਰਕੇ ਇਕ ਨਵਾਂ ਕਾਨੂੰਨ ਹੋਂਦ ਦੇ ਵਿਚ ਲਿਆਂਦਾ ਹੈ, ਇਸ ਦੀਆਂ ਖਾਮੀਆਂ ਦੇ ਖ਼ਿਲਾਫ਼ ਵੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਆਪਣੀ ਸਿਧਾਂਤਕ ਲੜਾਈ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਜੇਕਰ ਨਵੇਂ ਕਾਨੂੰਨ ਵਿਚ ਨਰੇਗਾ ਤਹਿਤ ਮਿਲਦੀਆਂ ਸੁਵਿਧਾਵਾਂ ਤੋਂ ਇਲਾਵਾ ਜਾਂ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਡੀ ਪੱਧਰ 'ਤੇ ਸੰਘਰਸ਼ ਕਰੇਗੀ | ਇਸ ਲਈ ਨਰੇਗਾ ਵਰਕਰਾਂ ਨੂੰ ਇਸ ਕਾਨੂੰਨ ਦੀਆਂ ਖਾਮੀਆਂ ਖ਼ਿਲਾਫ਼ ਵੀ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਏ.ਆਈ ਆਰਟੀਫ਼ਿਸ਼ਅਲ ਇੰਟੈਲੀਜੈਂਸੀ ਦੇ ਯੁੱਗ ਵਿਚ ਮਸ਼ੀਨ ਹੋਰ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਜਿਸ ਨਾਲ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਵੇਗਾਯ | ਇਸ ਲਈ ਮਜ਼ਦੂਰਾਂ ਲਈ ਕੰਮ ਦੀ ਗਰੰਟੀ ਕਾਇਮ ਰਹਿਣੀ ਚਾਹੀਦੀ ਹੈ | ਉਨ੍ਹਾਂ ਨਰੇਗਾ ਵਰਕਰਾਂ ਨੂੰ ਲੜਾਈ ਲੜਨ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਲਾਲੇਆਣਾ, ਚੀਰਾ ਸਿੰਘ, ਕੁਲਵਿੰਦਰ ਕੌਰ, ਰਾਜਪਾਲ ਕੌਰ, ਸੁਨੀਤਾ ਕੌਰ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ |