ਮਲੋਟ, 23 ਫ਼ਰਵਰੀ (ਪਾਟਿਲ)- ਸਮਾਜ ਸੇਵੀ ਗ਼ਰੀਬ ਭਲਾਈ ਸੰਸਥਾ ਵਲੋਂ ਬਾਵਰੀਆ ਧਰਮਸ਼ਾਲਾ ਮਲੋਟ ਵਿਖੇ ਸਮਾਗਮ ਦੌਰਾਨ 80 ਲੋੜਵੰਦ ਵਿਧਵਾ ਔਰਤਾਂ ਅਤੇ ਅਪਾਹਜ ਵਿਅਕਤੀਆਂ ਨੂੰ ਰਾਸ਼ਨ ਸਮੱਗਰੀ ਤੇ ਨਵੇਂ ਸੂਟ ਭੇਟ ਕੀਤੇ ਗਏ | ਸਮਾਗਮ ਦੀ ਸ਼ੁਰੂਆਤ ਡੀ.ਐੱਸ.ਪੀ. ਰਜੇਸ਼ ਠਾਕੁਰ, ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਡਿਪਟੀ ਡੀ.ਈ.ਓ. ਰਜਿੰਦਰ ਸੋਨੀ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਗਿੱਲ ਨੇ ਕਿਹਾ ਕਿ ਸੰਸਥਾ ਵਲੋਂ ਅਮੀਰ ਤੇ ਸਮਰੱਥ ਵਰਗ ਤੋਂ ਸਹਿਯੋਗ ਇਕੱਠਾ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ | ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ ਕਿ ਕਈ ਸਾਲਾਂ ਤੋਂ ਸੰਸਥਾ ਲਗਾਤਾਰ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ | ਡੀ.ਐੱਸ.ਪੀ. ਰਜੇਸ਼ ਠਾਕੁਰ ਅਤੇ ਡਿਪਟੀ ਡੀ.ਈ.ਓ. ਰਜਿੰਦਰ ਸੋਨੀ ਨੇ ਸੰਸਥਾ ਦੇ ਕੰਮਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਸੰਸਥਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਅੰਤ 'ਚ ਡਾ. ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਦੀ ਭੂਮਿਕਾ ਸਮਾਜ ਸੇਵਕ ਮਾਸਟਰ ਹਰਜਿੰਦਰ ਸਿੰਘ ਮੌੜ ਨੇ ਨਿਭਾਈ | ਇਸ ਮੌਕੇ ਪ੍ਰਧਾਨ ਸਰੂਪ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਬਾਬਾ ਸ਼ਾਮ ਸਿੰਘ ਆਦਿ ਹਾਜ਼ਰ ਸਨ |