ਸ੍ਰੀ ਮੁਕਤਸਰ ਸਾਹਿਬ, 23 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਮੌੜ ਵਿਖੇ ਸੀਡ ਵਿਲੇਜ ਪ੍ਰੋਗਰਾਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਡਾ. ਹਰਮਨਜੀਤ ਸਿੰਘ ਏ.ਡੀ.ਓ. ਪੀ.ਪੀ. ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸੀਡ ਵਿਲੇਜ ਪ੍ਰੋਗਰਾਮ (ਬੀਜ ਗ੍ਰਾਮ ਯੋਜਨਾ) ਭਾਰਤ ਸਰਕਾਰ ਦੀ ਇਕ ਮਹੱਤਵਪੂਰਨ ਖੇਤੀਬਾੜੀ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਉਚ ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਵਧਾਉਣਾ ਅਤੇ ਕਿਸਾਨਾਂ ਨੂੰ ਬੀਜ ਉਤਪਾਦਨ ਲਈ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਸਾਨਾਂ ਨੂੰ ਕਣਕ, ਝੋਨੇ ਤੇ ਬਾਸਮਤੀ ਦਾ ਬੀਜ ਖ਼ੁਦ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਖ਼ਾਦਾਂ ਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ | ਡਾ. ਹਰਮਨਦੀਪ ਸਿੰਘ ਏ.ਡੀ.ਓ. ਸਰਕਲ ਬਧਾਈ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਖ਼ਰਚੇ ਘਟਾਉਣ ਲਈ ਮਿੱਟੀ ਤੇ ਪਾਣੀ ਦੀ ਪਰਖ ਕਰਵਾਉਣਾ ਬਹੁਤ ਜ਼ਰੂਰੀ ਹੈ |ਡਾ. ਸ਼ਵਿੰਦਰ ਸਿੰਘ ਏ.ਡੀ.ਓ. (ਜ.ਕ.) ਨੇ ਦੱਸਿਆ ਕਿ ਨਰਮੇ ਦੀ ਗੁਲਾਬੀ ਸੁੰਡੀ ਛਟੀਆਂ ਦੇ ਢੇਰਾਂ ਵਿਚ ਅੱਧ-ਖਿੜ੍ਹੇ ਟੀਂਡਿਆਂ 'ਚ ਅਜੇ ਵੀ ਮੌਜੂਦ ਹੈ | ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਂਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾਂ ਵਰਤ ਲਈਆਂ ਜਾਣ, ਤਾਂ ਜੋ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਸਾਨਾਂ ਨੂੰ ਘਰੇਲੂ ਬਗੀਚੀ ਬਣਾਉਣ ਅਤੇ ਆਪਣੀ ਘਰੇਲੂ ਖ਼ਪਤ ਲਈ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਉਤਸਾਹਿਤ ਕੀਤਾ ਅਤੇ ਨਾਲ ਹੀ ਖੇਤਾਂ ਵਿਚ ਚੂਹਿਆਂ ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀ | ਨਵਦੀਪ ਕੌਰ ਏ.ਐੱਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ-ਕੇ.ਵਾਈ.ਸੀ. ਕਰਵਾਉਣ ਲਈ ਜਾਗਰੂਕ ਕੀਤਾ | ਇਸ ਟ੍ਰੇਨਿੰਗ ਦਾ ਪ੍ਰਬੰਧ ਸਵਰਨਜੀਤ ਸਿੰਘ ਏ.ਟੀ.ਐੱਮ. (ਆਤਮਾ) ਤੇ ਦੀਪਇੰਦਰ ਸਿੰਘ ਸੇਵਦਾਰ ਵਲੋਂ ਕੀਤਾ ਗਿਆ | ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਹੋਰ ਕਿਸਾਨ ਹਾਜ਼ਰ ਸਨ | ਅੰਤ ਵਿਚ ਵਿਭਾਗ ਵਲੋਂ ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕੱਦੂ, ਅੱਲਾਂ, ਤੋਰੀਆਂ ਤੇ ਮਿਰਚਾਂ ਦੀ ਨਰਸਰੀ, ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਦਾ ਚੋਗਾ ਬਣਾ ਕੇ ਵੰਡ ਕੀਤੀ ਗਈ |