ਬਾਜਾਖਾਨਾ, 23 ਫ਼ਰਵਰੀ (ਜੀਵਨ ਗਰਗ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰਿਆਂ ਦਾ ਸੱਭਿਆਚਾਰਕ ਖਤਮ ਕਰਨ ਦੀਆਂ ਗਾਰੰਟੀਆਂ ਦੇਣ ਵਾਲੀ ਪਾਰਟੀ ਦੇ ਰਾਜ 'ਚ ਹੱਕ ਮੰਗਦੇ ਲੋਕਾਂ 'ਤੇ ਜਿਸ ਤਰ੍ਹਾਂ ਦਾ ਸਰਕਾਰੀ ਜਬਰ ਕੀਤਾ ਜਾ ਰਿਹਾ ਹੈ | ਇਸ ਦਾ ਜਵਾਬ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਦੇਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਦੇ ਮੰਗਾਂ ਮਸਲੇ ਪਿੰਡਾਂ ਦੀਆਂ ਸੱਥਾਂ 'ਚ ਬੈਠ ਕੇ ਹੱਲ ਕਰਨ ਦੇ ਦਾਅਵੇ ਕਰਨ ਵਾਲੀ ਪਾਰਟੀ ਦੇ ਰਾਜ 'ਚ ਇਨਸਾਫ਼ ਮੰਗਦੇ ਲੋਕਾਂ 'ਤੇ ਕੀਤੇ ਜਾ ਰਹੇ ਜਬਰ ਪੰਜਾਬ ਦੇ ਇਤਿਹਾਸ 'ਚ ਕਦੇ ਦੇਖਣ ਨੂੰ ਨਹੀਂ ਮਿਲਦਾ | ਬਦਲਾਅ ਦੇ ਸਬਜ਼ ਬਾਗ ਦਿਖਾ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਬਿਲਕੁਲ ਧੀਮੀ ਕਰ ਦਿੱਤੀ ਹੈੈ | ਪੰਜਾਬ ਨੂੰ ਰੰਗਲਾ ਬਣਾਉਣ ਦੀਆਂ ਗਾਰੰਟੀਆਂ ਦੇਣ ਵਾਲੀ ਪਾਰਟੀ ਦੇ ਰਾਜ 'ਚ ਅਪਰਾਧ ਸਭ ਹੱਦਾਂ ਬੰਨੇ ਪਾਰ ਕਰ ਗਿਆ ਹੈ | ਸਰਕਾਰ ਆਉਣ 'ਤੇ ਪੰਜਾਬ 'ਚ ਨਸ਼ਾ ਖਤਮ ਕਰਨ ਦੇ ਵਾਅਦੇ ਕਰਨ ਵਾਲੀ ਪਾਰਟੀ ਦੇ ਰਾਜ 'ਚ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ 'ਚ ਰਿਕਾਰਡ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਦੀ ਸਰਕਾਰ ਦੇ ਚਾਰ ਸਾਲ ਤੋਂ ਉੱਪਰ ਦਾ ਕਾਰਜਕਾਲ ਦੇਖ ਚੁੱਕੇ, ਜਿਸ ਦੌਰਾਨ ਪੰਜਾਬ 'ਚ ਕਿਧਰੇ ਵੀ ਕੋਈ ਵਿਕਾਸ ਕਾਰਜ ਨਜ਼ਰ ਨਹੀਂ ਆ ਰਿਹਾ | ਇਸ ਲਈ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ | ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ, ਸਾਬਕਾ ਸਰਪੰਚ ਲਛੱਮਣ ਸਿੰਘ ਲੰਭਵਾਲੀ, ਸੁਰਜੀਤ ਸਿੰਘ ਸਰਾਂ, ਜੀਤ ਸਿੰਘ ਪੰਚ, ਭੋਲਾ ਸਿੰਘ, ਨਛੱਤਰ ਸਿੰਘ ਸੰਧੂ, ਬਲਦੇਵ ਸਿੰਘ ਢਿੱਲੋਂ ਆਦਿ ਹਾਜ਼ਰ ਸਨ |