ਗਿੱਦੜਬਾਹਾ, 23 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ 3 ਵਿਕਅਤੀਆਂ ਨੂੰ ਨਸ਼ਾ ਕਰਦੇ ਹੋਏ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਬਲਦੇਵ ਸਿੰਘ ਸਾਥੀ ਕਰਮਚਾਰੀਆਂ ਨਾਲ ਜਦੋਂ ਗਸ਼ਤ ਦੌਰਾਨ ਪਿੰਡ ਗਿੱਦੜਬਾਹਾ ਤੋਂ ਪਿੰਡ ਦੌਲਾ ਜਾ ਰਹੇ ਸਨ, ਤਾਂ ਮਾਲ ਗੋਦਾਮ ਤੋਂ ਕਰੀਬ 500 ਮੀਟਰ ਅੱਗੇ ਰੇਲਵੇ ਲਾਇਨ ਵਾਲੇ ਪਾਸੇ ਦਰੱਖ਼ਤਾਂ ਵਿਚ ਤਿੰਨ ਵਿਅਕਤੀ ਬੈਠੇ ਦਿਖਾਈ ਦਿੱਤੇ | ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਗੱਡੀ ਰੋਕ ਕੇ ਦੇਖਿਆ ਤਾਂ ਉੱਥੋਂ ਧੂੰਆਂ ਨਿਕਲ ਰਿਹਾ ਸੀ ਅਤੇ ਉਕਤ ਵਿਅਕਤੀ ਕੋਈ ਨਸ਼ੀਲਾ ਪਦਾਰਥ ਸੇਵਨ ਕਰਦੇ ਹੋਏ ਨਜ਼ਰ ਆਏ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋਂ ਖਿਸਕਣ ਲੱਗੇ | ਜਦੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਂਅ ਪੁੱਛਿਆ ਤਾਂ ਉਨ੍ਹਾਂ ਆਪਣੇ ਨਾਂਅ ਜਸਕਰਨ ਸਿੰਘ ਪੁੱਤਰ ਜਸਵੰਤ ਸਿਘ, ਪਵਿੱਤਰ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਤਰਸੇਮ ਰਾਮ ਉਰਫ਼ ਸੇਮਾ ਪੁੱਤਰ ਸ੍ਰੀ ਰਾਮ ਵਾਸੀਆਨ ਪਿੰਡ ਭਾਰੂ ਦੱਸਿਆ | ਉਕਤਾਨ ਵਿਅਕਤੀਆਂ ਪਾਸੋਂ ਪੁਲਿਸ ਨੇ ਇਕ ਲਾਇਟਰ, ਇਕ ਅਧਜਲੀ ਪੰਨੀ ਅਤੇ 10 ਰੁਪਏ ਦਾ ਪਾਇਪ ਕੀਤਾ ਹੋਇਆ ਕਰੰਸੀ ਨੋਟ ਵੀ ਬਰਾਮਦ ਕੀਤਾ | ਪੁਲਿਸ ਨੇ ਉਕਤਾਨ ਵਿਕਤੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |