ਬਰਗਾੜੀ, 24 ਫ਼ਰਵਰੀ (ਲਖਵਿੰਦਰ ਸ਼ਰਮਾ)-ਪੰਜਾਬ ਦੇ ਪਿੰਡਾਂ ਵਿਚ ਜਦੋਂ ਦਾਣਾ ਮੰਡੀਆਂ ਬਣੀਆਂ ਸਨ ਤਾਂ ਉਸ ਸਮੇਂ ਕਸਬਾ ਬਰਗਾੜੀ ਵਿਖੇ ਵੀ ਕਰੀਬ 30-35 ਸਾਲ ਪਹਿਲਾਂ ਦਾਣਾ ਮੰਡੀ ਬਣੀ ਸੀ ਅਤੇ ਇਸ ਦਾਣਾ ਮੰਡੀ ਵਿਚ ਦੂਰ ਦੁਰਾਡੇ ਤੋਂ ਅਨੇਕਾਂ ਪਿੰਡਾਂ ਦੇ ਲੋਕ ਆਪਣੀ ਫ਼ਸਲ ਵੇਚਣ ਆਉਂਦੇ ਸਨ | ਕੁਝ ਸਮਾਂ ਤਾਂ ਇੱਥੇ ਨਰਮੇ ਦੀ ਫ਼ਸਲ ਵੀ ਵਿਕੀ ਸੀ ਪ੍ਰੰਤੂ ਪਿਛਲੀ ਕਾਂਗਰਸ ਦੀ ਕੈਪਟਨ ਸਰਕਾਰ ਸਮੇਂ ਬੇਅਦਬੀ ਦੇ ਮੁੱਦੇ' ਤੇ ਇਸ ਦਾਣਾ ਮੰਡੀ ਵਿਚ ਲੱਗੇ ਮੋਰਚੇ ਦੇ ਖ਼ਤਮ ਹੋਣ ਤੋਂ ਬਾਅਦ ਇਸ ਦਾਣਾ ਮੰਡੀ ਨੂੰ ਖ਼ਤਮ ਕਰਕੇ ਇਥੇ ਬੱਸ ਅੱਡਾ, ਪਾਰਕ, ਕਮਿਉਨਿਟੀ ਹਾਲ ਆਦਿ ਬਣਾ ਦਿੱਤੇ ਅਤੇ ਨਵੀਂ ਦਾਣਾ ਮੰਡੀ ਦਾ ਅਜੇ ਤੱਕ ਕੋਈ ਪ੍ਰਬੰਧ ਨਹੀਂ ਹੋ ਸਕਿਆ | ਇੱਥੋਂ ਕਰੀਬ ਚਾਰ ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਸੜਕ 'ਤੇ ਬਣੇ ਕੱਟ 'ਤੇ ਹਰ ਵਾਰ ਫ਼ਸਲ ਵੇਚਣ ਦੇ ਆਰਜੀ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਹੁਣ ਕਣਕ ਦੀ ਫ਼ਸਲ ਕਰੀਬ ਡੇਢ ਮਹੀਨੇ ਬਾਅਦ ਫਿਰ ਆਉਣ ਵਾਲੀ ਹੈ ਅਤੇ ਮੰਡੀ ਦਾ ਅਜੇ ਤੱਕ ਵੀ ਕੋਈ ਪ੍ਰਬੰਧ ਨਹੀਂ ਹੈ | ਇਸ ਵਾਰ ਨੈਸ਼ਨਲ ਹਾਈਵੇਅ 'ਤੇ ਵੀ ਸ਼ਾਇਦ ਕਣਕ ਵੇਚਣ ਲਈ ਆਰਜੀ ਪ੍ਰਬੰਧ ਨਾ ਕੀਤੇ ਜਾ ਸਕਣ ਕਿਉਂਕਿ ਇਸ ਕੱਟ ਦੇ ਠੇਕੇਦਾਰ ਵਲੋਂ ਨਵੇਂ ਪੈਟਰੋਲ ਪੰਪ ਲਗਾਏ ਜਾ ਰਹੇ ਹਨ | ਪਹਿਲਾਂ ਵੀ ਹਰ ਵਾਰ ਇਸ ਕੱਟ ਦੇ ਠੇਕੇਦਾਰ ਵਲੋਂ ਆਰਜ਼ੀ ਖ਼ਰੀਦ ਪ੍ਰਬੰਧਾਂ ਲਈ ਆਨਾਕਾਨੀ ਕੀਤੀ ਜਾਂਦੀ ਸੀ ਅਤੇ ਕੁਝ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ, ਪ੍ਰਸ਼ਾਸਨ ਦੀਆਂ ਕੋਸ਼ਿਸਾਂ ਨਾਲ ਇਥੇ ਆਰਜ਼ੀ ਪ੍ਰਬੰਧ ਕੀਤੇ ਜਾਂਦੇ ਸਨ | ਮੌਜੂਦਾ ਪੰਚਾਇਤ ਬਣਨ ਤੋਂ ਪਹਿਲਾਂ ਗਰਾਮ ਸਭਾਵਾਂ ਦੀਆਂ ਮੀਟਿੰਗਾਂ ਰਾਹੀਂ ਬਰਗਾੜੀ ਵਿਖੇ ਦਾਣਾ ਮੰਡੀ ਬਣਾਉਣ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ ਪ੍ਰੰਤੂ ਉਸ ਤੋਂ ਬਾਅਦ ਨਵੀਆਂ ਪੰਚਾਇਤੀ ਚੋਣਾਂ ਹੋ ਜਾਣ ਕਾਰਨ ਗਰਾਮ ਸਭਾਵਾਂ ਵਾਲੀ ਕਾਰਵਾਈ ਠੱਪ ਹੋ ਗਈ | ਕਸਬਾ ਬਰਗਾੜੀ ਦੇ ਕਿਸਾਨ ਕਰੀਬ ਸੱਤ ਸਾਲ ਤੋਂ ਆਪਣੀ ਫ਼ਸਲ ਵੇਚਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਪ੍ਰੰਤੂ ਸਰਕਾਰ ਜਾਂ ਮਾਰਕੀਟ ਕਮੇਟੀ ਵਲੋਂ ਅਜੇ ਤੱਕ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ | ਕਸਬਾ ਬਰਗਾੜੀ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੇ ਸਰਕਾਰ, ਮਾਰਕੀਟ ਕਮੇਟੀ, ਪੰਚਾਇਤ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਾਲਾਤਾਂ ਦੇ ਮੱਦੇਨਜ਼ਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਨਵੀਂ ਦਾਣਾ ਮੰਡੀ ਦਾ ਜਲਦ ਪ੍ਰਬੰਧ ਕੀਤਾ ਜਾਵੇ ਤਾਂ ਕਿ ਬਰਗਾੜੀ ਦੇ ਕਿਸਾਨ ਆਪਣੀ ਕਣਕ ਦੀ ਫ਼ਸਲ ਆਪਣੀ ਦਾਣਾ ਮੰਡੀ ਵਿਚ ਵੇਚ ਸਕਣ |