ਬਰਗਾੜੀ, 24 ਫ਼ਰਵਰੀ (ਲਖਵਿੰਦਰ ਸ਼ਰਮਾ)-ਲੋਕਾਂ ਵਲੋਂ ਆਪਣੇ ਘਰਾਂ ਦਾ ਕੂੜਾ ਕਰਕਟ ਦੇਰ ਸਵੇਰ ਚੋਰੀ ਛੁਪੇ ਸੜਕਾਂ, ਛੱਪੜਾਂ, ਕੱਚੇ ਰਾਹਾਂ, ਖੇਤਾਂ ਆਦਿ ਦੇ ਕਿਨਾਰਿਆਂ 'ਤੇ ਸੁੱਟਿਆ ਜਾਂਦਾ ਹੈ, ਜਿਸ ਨਾਲ ਰਸਤਿਆਂ 'ਤੇ ਗੰਦਗੀ ਫ਼ੈਲਦੀ ਹੈ ਅਤੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ | ਲੋਕਾਂ ਵਲੋਂ ਸੁੱਟਿਆ ਕੂੜਾ ਕਰਕਟ ਸੜਕਾਂ ਦੇ ਬਿਲਕੁਲ ਕਿਨਾਰਿਆਂ 'ਤੇ ਆ ਜਾਂਦਾ ਹੈ ਅਤੇ ਕਈ ਵਾਰ ਤਾਂ ਇਸ ਕੂੜੇ ਕਰਕਟ ਕਾਰਨ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ | ਅਜਿਹੇ ਗੈਰ ਜ਼ਿੰਮੇਵਾਰ ਕੂੜਾ ਕਰਕਟ ਸੁੱਟਣ ਵਾਲੇ ਲੋਕ ਕੂੜਾ ਸੁੱਟਣ ਸਮੇਂ ਧਾਰਮਿਕ ਅਸਥਾਨਾਂ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਦੇਰ ਸਵੇਰ ਚੋਰੀ ਛੁਪੇ ਧਾਰਮਿਕ ਅਸਥਾਨਾਂ ਨਜ਼ਦੀਕ ਵੀ ਕੂੜਾ ਸੁੱਟ ਦਿੰਦੇ ਹਨ | ਇਸ ਸੁੱਟੇ ਕੂੜਾ ਕਰਕਟ ਨਾਲ ਜਿੱਥੇ ਗੰਦਗੀ ਫ਼ੈਲਦੀ ਹੈ, ਉੱਥੇ ਕਈ ਵਾਰ ਕੋਈ ਭਿਆਨਕ ਬਿਮਾਰੀਆਂ ਫ਼ੈਲਣ ਦਾ ਵੀ ਡਰ ਰਹਿੰਦਾ ਹੈ | ਜ਼ਿਆਦਾਤਰ ਪਲਾਸਟਿਕ ਦੇ ਲਿਫ਼ਾਫ਼ੇ ਜੋ ਪਾਣੀ ਜਾਂ ਮਿੱਟੀ ਵਿਚ ਗਲਦੇ ਨਹੀਂ ਹਨ ਅਤੇ ਇਹ ਪਲਾਸਟਿਕ ਦੇ ਲਿਫਾਫ਼ੇ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ | ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਵਿਚ ਭਰਿਆ ਗੰਦ ਹਵਾ ਜਾਂ ਧੁੱਪ ਨਾ ਲੱਗਣ ਕਾਰਨ ਸੁੱਕਦਾ ਨਹੀਂ ਹੈ ਅਤੇ ਇਨ੍ਹਾਂ ਲਿਫ਼ਾਫ਼ਿਆਂ ਵਿਚ ਇਸ ਭਰੀ ਗੰਦਗੀ ਦੀ ਬਦਬੂ ਆਉਣ ਲੱਗ ਜਾਂਦੀ ਹੈ | ਰਸਤਿਆਂ ਕਿਨਾਰੇ ਸੁੱਟਿਆ ਕੂੜਾ ਕਰਕਟ ਰਸਤਿਆਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ ਅਤੇ ਲੋਕਾਂ ਦੇ ਲੰਘਣ ਲਈ ਬਣੇ ਰਸਤੇ ਦੀ ਜਗ੍ਹਾ ਘੱਟ ਰਹਿ ਜਾਂਦੀ ਹੈ ਜਿਸ ਕਾਰਨ ਇਹ ਰਸਤੇ ਭੀੜੇ ਹੋ ਜਾਂਦੇ ਹਨ | ਇਸ ਕੂੜੇ ਕਰਕਟ ਕਾਰਨ ਕਈ ਵਾਰ ਰਾਹਗੀਰਾਂ ਦੇ ਕੱਪੜੇ ਆਦਿ ਵੀ ਖਰਾਬ ਹੋ ਜਾਂਦੇ ਹਨ | ਪਿੰਡਾਂ ਦੇ ਸੂਝਵਾਨ ਲੋਕਾਂ ਦੀ ਸਰਕਾਰਾਂ ਅਤੇ ਪੰਚਾਇਤਾਂ ਤੋਂ ਪੁਰਜ਼ੋਰ ਮੰਗ ਹੈ ਕਿ ਚੋਰੀ ਛੁਪੇ ਰਸਤਿਆਂ ਜਾਂ ਧਾਰਮਿਕ ਅਸਥਾਨਾਂ ਦੇ ਕਿਨਾਰਿਆਂ 'ਤੇ ਕੂੜਾ ਕਰਕਟ ਸੁੱਟਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਅਤੇ ਅਜਿਹੇ ਕੂੜਾ ਕਰਕਟ ਸੁੱਟਣ ਵਾਲਿਆਂ ਨੂੰ ਰੋਕਿਆ ਜਾਵੇ | ਸੂਝਵਾਨ ਲੋਕਾਂ ਨੇ ਚੋਰੀ ਛੁਪੇ ਕੂੜਾ ਕਰਕਟ ਸੁੱਟਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਰਾਹਗੀਰਾਂ ਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਅਤੇ ਸਮੂਹ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ, ਰਸਤਿਆਂ ਜਾਂ ਧਾਰਮਿਕ ਅਸਥਾਨਾਂ ਨੇੜੇ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਟ ਨਾ ਸੁੱਟਿਆ ਜਾਵੇ |