ਫ਼ਰੀਦਕੋਟ, 24 ਫ਼ਰਵਰੀ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਜਨਤਕ ਸਥਾਨ 'ਤੇ ਨਸ਼ੇ ਦੀ ਹਾਲਤ ਵਿਚ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਹੌਲਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕ ਪੁਰਸ਼ਾਂ ਸਬੰਧੀ ਪਿੰਡ ਪਿੱਪਲੀ ਤੋਂ ਅਰਾਈਆਂਵਾਲਾ ਕਲਾਂ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਸੁਖਦੇਵ ਸਿੰਘ ਪੁੱਤਰ ਲਵੀਰ ਸਿੰਘ ਵਾਸੀ ਅਰਾਈਆਂਵਾਲਾ ਕਲਾਂ ਆ ਰਿਹਾ ਸੀ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ | ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀ ਵਲੋਂ ਨਸ਼ਾ ਕੀਤਾ ਹੋਇਆ ਜਾਪਿਆ, ਜਿਸ 'ਤੇ ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਲਿਆ ਕੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਜੋ ਕਿ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ |