ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਭਰ 'ਚ ਹੋਈ ਭਾਰੀ ਬਾਰਿਸ਼, ਝੱਖੜ ਤੇ ਗੜ੍ਹੇਮਾਰੀ ਕਾਰਨ ਖੇਤੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਗਿੱਦੜਬਾਹਾ ਬਲਾਕ ਦੇ ਪਿੰਡ ਕੋਟਲੀ ਅਬਲੂ, ਕੋਠੇ ਢਾਬਾਂ ਵਾਲੇ, ਕੋਠੇ ਰਾਮਸਰ ਵਾਲੇ, ਕੋਠੇ ਹਜ਼ੂਰਾ ਸਿੰਘ ਵਾਲੇ, ਕੋਠੇ ਫੁੰਮਣ ਸਿੰਘ ਵਾਲੇ, ਕੋਠੇ ਦੁਲਚੀਆਣਾ, ਮਲੋਟ ਦੇ ਪਿੰਡ ਕੱਟਿਆਂਵਾਲੀ, ਬੋਦੀਵਾਲਾ ਖੜਕ ਸਿੰਘ, ਭਲੇਰੀਆਂ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ, ਗੰਧੜ, ਲੱਖੇਵਾਲੀ ਸਮੇਤ ਅਨੇਕਾਂ ਪਿੰਡਾਂ ਵਿਚ ਕਣਕ, ਸਬਜ਼ੀਆਂ ਹਰਾ ਚਾਰਾ, ਫ਼ਲਾਂ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ | ਇਸ ਕੁਦਰਤੀ ਆਫ਼ਤ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਪੱਕੀਆਂ ਫ਼ਸਲਾਂ ਨਾਲ ਜੁੜੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਬੀ.ਕੇ.ਯੂ. ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਬੀ.ਕੇ.ਯੂ. ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀ.ਕੇ.ਯੂ. ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ, ਬੀ.ਕੇ.ਯੂ. ਡਕੌਂਦਾ (ਧਨੇਰ) ਦੇ ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਖੁੱਡੀਆਂ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਪਾਲ ਸਿੰਘ ਭਲੇਰੀਆਂ ਬੀ.ਕੇ.ਯੂ. ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ, ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਰੋੜਾਂਵਾਲਾ, ਬੀ.ਕੇ.ਯੂ. (ਬੋਘ ਮਾਨਸਾ) ਦੇ ਜ਼ਿਲ੍ਹਾ ਬਲਜਿੰਦਰ ਸਿੰਘ ਗੁਰੂਸਰ, ਕੁਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਵਣਵਾਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਨੇ ਕਿਹਾ ਕਿ ਕਿਸਾਨ ਮਜ਼ਦੂਰ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ | ਪਰ ਦੇਰ ਰਾਤ ਜ਼ਿਲ੍ਹੇ ਵਿਚ ਹੋਈ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦੀ ਵੱਡੇ ਪੱਧਰ 'ਤੇ ਤਬਾਹੀ ਹੋਈ ਹੈ | ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ 6 ਅਪ੍ਰੈਲ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਦਫਤਰ ਅੱਗੇ 11 ਵਜੇ ਤੋਂ 2 ਵਜੇ ਤੱਕ ਅੱਗੇ ਧਰਨਾ ਦੇ ਕੇ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ |
ਸੰਯੁਕਤ ਕਿਸਾਨ ਮੋਰਚੇ ਵਲੋਂ ਫ਼ਸਲਾਂ ਦੇ ਵਿਸ਼ੇਸ਼ ਮੁਆਵਜੇ ਦੀ ਮੰਗ ਨੂੰ ਲੈ ਕੇ ਧਰਨਾ ਅੱਜ
ਅਜੀਤ ਡੈਸਕ
06-04-2026